ਬਰਨਾਲਾ: ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਆਪੋ ਆਪਣੇ ਸੰਘਰਸ਼ ਜਾਰੀ ਰੱਖੇ ਗਏ ਹਨ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਅੱਜ ਕਿਸਾਨਾਂ ਦੀਆਂ ਮੰਗਾਂ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਚੇਤਾਵਨੀ ਪੱਤਰ ਸੌਂਪੇ ਗਏ।
ਮੰਗਾਂ ਨੂੰ ਲੈਕੇ ਸੌਂਪਿਆ ਪੱਤਰ
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨੀ ਮੰਗਾਂ ਨੂੰ ਲੈ ਕੇ ਜਥੇਬੰਦੀ ਦੀਆਂ ਸਰਗਰਮੀਆਂ ਜਾਰੀ ਹਨ। ਮੌਜੂਦਾ ਸਮੇਂ ਵਿੱਚ ਪੰਜਾਬ ਭਰ ਦੀਆਂ ਸੁਸਾਇਟੀਆਂ ਅੰਦਰ ਡੀਏਪੀ ਦੀ ਘਾਟ ਨੂੰ ਪੂਰਾ ਕਰਨ, ਝੋਨੇ ਦੀ ਖ਼ਰੀਦ ਤੁਰੰਤ ਚਾਲੂ ਕਰਨ ਅਤੇ ਪਰਾਲੀ ਦਾ ਢੁਕਵਾਂ ਪ੍ਰਬੰਧ ਕਰਨ ਦੇ ਮਸਲੇ ਅਹਿਮ ਹਨ। ਜਿਹਨਾਂ ਸਬੰਧੀ ਉਹਨਾਂ ਦੀ ਜੱਥੇਬੰਦੀ ਵਲੋਂ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗਾਂ ਦੇ ਹੱਲ ਲਈ ਪੱਤਰ ਸੌਂਪੇ ਹਨ।
ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ
ਉਹਨਾਂ ਕਿਹਾ ਕਿ ਆਪਣੇ ਆਪ ਸਰਕਾਰ ਕਿਸਾਨੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਉਹਨਾਂ ਦੀ ਜਥੇਬੰਦੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਣਾ ਪੈ ਰਿਹਾ ਹੈ। ਇਸਦੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ। ਵਿਧਾਇਕ ਪੰਡੋਰੀ ਅਤੇ ਵਿਧਾਇਕ ਉੱਗੋਕੇ ਨੇ ਕਿਸਾਨ ਆਗੂਆਂ ਨੂੰ ਉਹਨਾਂ ਦੀਆਂ ਮੰਗਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਬਣਦੇ ਹੱਲ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਨਗਿੰਦਰ ਬਬਲਾ ਰਾਏਸਰ, ਸਾਧੂ ਸਿੰਘ ਛੀਨੀਵਾਲ, ਕੁਲਵਿੰਦਰ ਗਹਿਲ, ਦਵਿੰਦਰ ਸਿੰਘ ਛੀਨੀਵਾਲ ਕਲਾਂ, ਹਰਦਿਆਲ ਸਿੰਘ ਬੀਹਲਾ, ਤਰਸੇਮ ਸਿੰਘ ਛੀਨੀਵਾਲ ਅਤੇ ਕਰਮਜੀਤ ਸਿੰਘ ਧਾਲੀਵਾਲ ਵੀ ਹਾਜ਼ਰ ਸਨ।