ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਬਰਨਾਲਾ ਡੀਸੀ ਦਫ਼ਤਰ ਜਾ ਘਿਰਾਓ ਕਰਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵਲੋਂ ਕਣਕ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ।
ਬੀਕੇਯੂ ਡਕੌਂਦਾ ਨੇ ਘੇਰਿਆ ਡੀਸੀ ਦਫ਼ਤਰ (Etv Bharat ਪੱਤਰਕਾਰ ਬਰਨਾਲਾ) ਕਣਕ 'ਤੇ ਗੁਲਾਬੀ ਸੁੰਡੀ ਦਾ ਹਮਲਾ
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੀ ਕਣਕ ਦੀ ਫਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹੈ। ਜਿਸ ਕਾਰਨ ਵੱਡੇ ਪੱਧਰ 'ਤੇ ਸੈਂਕੜੇ ਏਕੜ ਫਸਲ ਕਿਸਾਨਾਂ ਦੀ ਗੁਲਾਬੀ ਸੁੰਡੀ ਕਾਰਨ ਬਰਬਾਦ ਹੋ ਗਈ ਹੈ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਸਮੇਂ ਅਧਿਕਾਰੀ ਤੁਰੰਤ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚ ਕੇ ਕਾਰਵਾਈ ਕਰਦੇ ਸਨ। ਕਿਸਾਨਾਂ ਉੱਪਰ ਪਰਚੇ ਦਰਜ ਕੀਤੇ ਗਏ ਅਤੇ ਉਹਨਾਂ ਦੇ ਰਿਕਾਰਡ ਵਿੱਚ ਲਾਲ ਐਂਟਰੀਆਂ ਪਾਈਆਂ ਗਈਆਂ ਅਤੇ ਵੱਡੇ ਪੱਧਰ 'ਤੇ ਜੁਰਮਾਨੇ ਕੀਤੇ ਗਏ।
ਗੁਲਾਬੀ ਸੁੰਡੀ ਨੇ ਕਣਕ ਦੀ ਫਸਲ ਦਾ ਕੀਤਾ ਉਜਾੜਾ
ਉਨ੍ਹਾਂ ਕਿਹਾ ਕਿ ਹੁਣ ਜਿੰਨ੍ਹਾਂ ਕਿਸਾਨਾਂ ਨੇ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਜਾਈ ਕੀਤੀ, ਉਹਨਾਂ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਨੇ ਫਸਲ ਦਾ ਉਜਾੜਾ ਕਰ ਦਿੱਤਾ ਹੈ, ਪਰ ਹੁਣ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚ ਰਿਹਾ। ਕਿਸਾਨਾਂ ਦਾ ਕਹਿਣਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਸਪਰੇਹਾਂ ਕਰਨ 'ਤੇ ਵੀ ਗੁਲਾਬੀ ਸੁੰਡੀ ਖਤਮ ਨਹੀਂ ਹੋਈ।
ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
ਕਿਸਾਨਾਂ ਨੇ ਕਿਹਾ ਕਿ ਇਸ ਦੇ ਚੱਲਦੇ ਹੀ ਵੱਡੇ ਪੱਧਰ 'ਤੇ ਕਿਸਾਨਾਂ ਨੂੰ ਆਪਣੀ ਫਸਲ ਮਜ਼ਬੂਰੀ ਵੱਸ ਵਾਹੁਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਇਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਹੋਇਆ ਹੈ। ਜਿਸ ਕਰਕੇ ਅੱਜ ਉਹਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ 50,000 ਪ੍ਰਤੀ ਏਕੜ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਕਿਸਾਨ ਜਥੇਬੰਦੀ ਇਸ ਨੂੰ ਲੈਕੇ ਵੱਡਾ ਸੰਘਰਸ਼ ਕਰੇਗੀ।