ਸ੍ਰੀ ਫਤਿਹਗੜ੍ਹ ਸਾਹਿਬ :ਬੀਤੀ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਕਾਲੀ ਸਰਕਾਰ ਦੌਰਾਨ ਹੋਈਆਂ ਭੁੱਲਾਂ ਲਈ ਅਕਾਲੀ ਆਗੂਆਂ ਦੀ ਸੇਵਾ ਲਗਾਈ ਸੀ। ਜਿਸ ਤਹਿਤ ਅੱਜ ਸੇਵਾ ਨਿਭਾਉਣ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ ਤੇ ਹੋਰ ਅਕਾਲੀ ਦੇ ਲੀਡਰ ਸ੍ਰੀ ਫਤਹਿਗੜ੍ਹ ਸਾਹਿਬ ਪੁੱਜੇ।
ਮਜੀਠੀਆ ਦਾ ਬਿੱਟੂ 'ਤੇ ਨਿਸ਼ਾਨਾ
ਇਸ ਮੌਕੇ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਰਵਨੀਤ ਸਿੰਘ ਬਿੱਟੂ ਨੂੰ ਨਿਸ਼ਾਨੇ 'ਤੇ ਲਿਆ ਅਤੇ ਉਹਨਾਂ ਕਿਹਾ ਕਿ ਬਿੱਟੂ ਨੂੰ ਅਕਲ ਨਹੀਂ ਹੈ, ਤੇ ਉਹ ਉਸਦੇ ਮੂੰਹ ਨਹੀਂ ਲੱਗਣਾ ਚਾਹੁੰਦੇ। ਉਹਨਾਂ ਕਿਹਾ ਬਿੱਟੂ ਨੂੰ ਮੰਤਰੀ ਦਾ ਅਹੁਦਾ ਮਿਲਣ ਨਾਲ ਅਕਲ ਨਹੀਂ ਆ ਸਕਦੀ। ਜੋ ਬੰਦਾ ਪਹਿਲਾਂ ਇੰਦਰਾ ਗਾਂਧੀ ਨੂੰ ਮਾਤਾ ਦੱਸਦਾ ਸੀ ਅਤੇ ਰਜੀਵ ਗਾਂਧੀ ਨੂੰ ਅੱਜ ਗਾਲਾਂ ਕੱਢ ਰਿਹਾ। ਇਹ ਬੰਦਾ ਅੱਜ ਮੋਦੀ ਨੂੰ ਆਪਣਾ ਪਿਓ ਦਸ ਰਿਹਾ ਹੈ। ਮੈਂ ਉਸ ਬੰਦੇ ਦੇ ਮੂੰਹ ਨਹੀਂ ਲਗਦਾ। ਮਜੀਠੀਆ ਨੇ ਕਿਹਾ ਕਿ ਹਰ ਰੋਜ਼ ਭੜਕਾਊ ਭਾਸ਼ਣ ਦੇਣ ਵਾਲਿਆਂ ਤੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਜੋ ਗੁਰੂ ਸਾਹਿਬ ਵੱਲੋਂ ਉਹਨਾਂ ਨੂੰ ਸੇਵਾ ਲਗਾਈ ਗਈ ਹੈ ਉਹ ਕੌਮ ਦੇ ਲਈ ਉਹ ਪਹੁੰਚੇ ਹਨ।
ਦਲਜੀਤ ਚੀਮਾ ਨੇ ਦਿੱਤੀ ਪ੍ਰਤੀਕ੍ਰਿਆ
ਗੁਰੂ ਘਰ ਸੇਵਾ ਨਿਭਾਉਣ ਪਹੂੰਚੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਸੁਖਬੀਰ ਬਾਦਲ ਦੇ ਗੋਲੀ ਮਾਰਨ ਵਾਲੇ ਮਸਲੇ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ। ਉਹਨਾਂ ਕਿਹਾ ਕਿ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਫਿਰ ਰਵਨੀਤ ਬਿੱਟੂ ਵੱਡਾ ਦਿਲ ਕਿਊਂ ਨਹੀਂ ਕਰਦੇ। ਉਹਨਾਂ ਕਿਹਾ ਕਿ ਆਪਣੀ ਵਾਰੀ ਬਿੱਟੂ ਦੋਗਲੀ ਨੀਤੀ ਅਪਣਾਉਂਦੇ ਹਨ,ਬੰਦੀ ਸਿੰਘਾਂ ਦੀ ਰਿਹਾਈ ਸਮੇਂ ਕਹਿੰਦੇ ਹਨ ਕਿ ਉਹਨਾਂ ਨੇ ਮੇਰੇ ਦਾਦੇ ਬਿਅੰਤ ਸਿੰਘ ਨੂੰ ਮਾਰਿਆ ਹੈ ਤਾਂ ਬੰਦੀ ਸਿੰਘ ਰਿਹਾਅ ਨਹੀਂ ਹੋ ਸਕਦੇ ਤਾਂ ਫਿਰ ਚੌੜਾ ਨੇ ਵੀ ਤਾਂ ਗੁਰੂ ਘਰ ਦੀ ਮਰਿਆਦਾ ਨੂੰ ਤੋੜਦੇ ਹੋਏ ਗੁਰੂ ਦੇ ਸੇਵਾਦਾਰ 'ਤੇ ਹਮਲਾ ਕੀਤਾ ਹੈ ਤਾਂ ਉਸ ਨੂੰ ਸਜ਼ਾ ਕਿਊਂ ਨਾ ਹੋਵੇ। ਉਹਨਾਂ ਕਿਹਾ ਕਿ ਬਿੱਟੂ ਦੁਜਿਆਂ ਨੂੰ ਮੱਤਾਂ ਦੇਣ ਤੋਂ ਪਹਿਲਾਂ ਆਪਣੇ ਵੱਲ ਦੇਖਣ।