ਲੁਧਿਆਣਾ: ਜ਼ਿਲ੍ਹੇ ਦੇ ਵਿੱਚ ਬਿਹਾਰ ਸੂਬੇ ਵੱਲੋਂ ਨਿਵੇਸ਼ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਬਿਹਾਰ ਸਰਕਾਰ ਦੇ ਨੁਮਾਇੰਦੇ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਸਨਅਤਕਾਰਾਂ ਨੂੰ ਨਿਵੇਸ਼ ਦੇ ਲਈ ਆਕਰਸ਼ਿਤ ਕਰ ਰਹੇ ਹਨ। ਬਿਹਾਰ ਸੂਬੇ ਵੱਲੋਂ ਸਸਤੇ ਰੇਟ 'ਤੇ ਜ਼ਮੀਨਾਂ ਦੇ ਨਾਲ ਹੁਨਰਮੰਦ ਲੇਬਰ, ਸਿੰਗਲ ਵਿੰਡੋ ਕਲੀਅਰੈਂਸ, ਸਟੈਂਪ ਡਿਊਟੀ ਦੇ ਵਿੱਚ ਵੱਡੀ ਰਾਹਤ ਤੋਂ ਇਲਾਵਾ ਵਪਾਰ ਲਈ ਸੁਖਾਲੇ ਮਾਹੌਲ ਦੇ ਮੌਕੇ ਦਿੱਤੇ ਜਾ ਰਹੇ ਹਨ। ਖਾਸ ਕਰਕੇ ਸਰਕਾਰ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਟੈਕਸਟਾਈਲ ਅਤੇ ਹੌਜਰੀ ਇੰਡਸਟਰੀ ਵੱਲ ਉਹਨਾਂ ਦੀ ਨਜ਼ਰ ਹੈ।
ਲੁਧਿਆਣਾ ਚ ਬਿਹਾਰ ਸੂਬੇ ਵੱਲੋਂ ਨਿਵੇਸ਼ ਮਿਲਣੀ (ETV BHARAT) ਲੁਧਿਆਣਾ 'ਚ ਸਨਅਤਕਾਰਾਂ ਨਾਲ ਮੀਟਿੰਗ
ਸਰਕਾਰ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਹਾਲਾਂਕਿ ਪੰਜਾਬ ਦੇ ਵਾਂਗ ਬਿਹਾਰ ਵੀ ਲੈਂਡ ਲਾਕ ਸੂਬਾ ਹੈ ਪਰ ਸਾਡੇ ਵੱਲੋਂ ਵਪਾਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆ ਰਹੀ। ਉਹਨਾਂ ਕਿਹਾ ਕਿ ਬਿਹਾਰ ਦੇ ਵਿੱਚ ਲੇਬਰ ਦੀ ਵੀ ਉਪਲਬਧਤਾ ਹੈ, ਜੋ ਕਿ ਕਿਸੇ ਵੀ ਇੰਡਸਟਰੀ ਨੂੰ ਚਲਾਉਣ ਲਈ ਕਾਫੀ ਅਹਿਮ ਹੁੰਦੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਡੇ ਕੋਲ 3 ਹਜ਼ਾਰ ਏਕੜ ਜ਼ਮੀਨ ਵਪਾਰ ਦੇ ਲਈ ਰਾਖਵੀਂ ਹੈ। ਇੰਨਾ ਹੀ ਨਹੀਂ ਵਪਾਰ ਨੂੰ ਹੋਰ ਸੁਖਾਲਾ ਬਣਾਉਣ ਦੇ ਲਈ ਉਹਨਾਂ ਵੱਲੋਂ 85 ਦੇ ਕਰੀਬ ਇੰਡਸਟਰੀਅਲ ਏਰੀਆ ਵੀ ਵਿਕਸਿਤ ਕੀਤੇ ਗਏ ਹਨ।
ਬਿਹਾਰ 'ਚ ਨਿਵੇਸ਼ ਦਾ ਦਿੱਤਾ ਸੱਦਾ
ਉਹਨਾਂ ਵੱਲੋਂ ਹਾਲ ਹੀ ਦੇ ਵਿੱਚ ਇੱਕ ਡਰਾਈ ਪੋਰਟ ਵੀ ਤਿਆਰ ਕੀਤਾ ਗਿਆ ਹੈ, ਤਾਂ ਜੋ ਵਪਾਰ ਦੇ ਲਈ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆਵਾਂ ਦਰਪੇਸ਼ ਨਾ ਆਉਣ। ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਓਸਵਾਲ ਅਤੇ ਹੋਰ ਵੀ ਕਈ ਅਜਿਹੇ ਗਰੁੱਪ ਹਨ, ਜਿਨ੍ਹਾਂ ਨੇ ਬਿਹਾਰ ਦੇ ਵਿੱਚ ਨਿਵੇਸ਼ ਕੀਤਾ ਅਤੇ ਹੁਣ ਵੀ ਕਈ ਨਿਵੇਸ਼ਕਾਂ ਨੇ ਕਾਫੀ ਦਿਲਚਸਪੀ ਵਿਖਾਈ ਹੈ। ਦਸੰਬਰ ਦੇ ਵਿੱਚ ਉਹ ਐਮਓਯੂਵੀ ਸਾਈਨ ਕਰਨਗੇ, ਫਿਲਹਾਲ ਉਹਨਾਂ ਦੀ ਕਾਰੋਬਾਰੀਆਂ ਦੇ ਨਾਲ ਲਗਾਤਾਰ ਬੈਠਕਾਂ ਹੋ ਰਹੀਆਂ ਹਨ, ਜਿਸ ਵਿੱਚ ਸਕਾਰਾਤਮਕ ਰੁਝਾਨ ਦੇਖਣ ਨੂੰ ਮਿਲ ਰਹੇ ਹਨ।
ਲੱਖਾਂ ਕਰੋੜਾਂ ਦੇ ਨਿਵੇਸ਼ ਦਾ ਟੀਚਾ
ਬਿਹਾਰ ਦੀ ਇੰਡਸਟਰੀ ਦੇ ਸੈਕਟਰੀ ਅਤੇ ਡਾਇਰੈਕਟਰ ਨੇ ਦੱਸਿਆ ਕਿ ਲਗਾਤਾਰ ਪਿਛਲੇ ਦੋ ਸਾਲਾਂ ਤੋਂ ਇਹ ਨਿਵੇਸ਼ ਮਿਲਣੀ ਲੁਧਿਆਣਾ ਦੇ ਵਿੱਚ ਕਰਵਾਈ ਜਾ ਰਹੀ ਹੈ, ਕਿਉਂਕਿ ਲੁਧਿਆਣਾ ਇੰਡਸਟਰੀ ਦਾ ਵੱਡਾ ਹੱਬ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਸਾਨੂੰ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੇ ਐਮਓਯੂ ਸਾਈਨ ਕੀਤੇ ਗਏ ਸਨ, ਜਿਨਾਂ ਵਿੱਚੋਂ 38 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਉਹ ਪਿਛਲੇ 10 ਮਹੀਨਿਆਂ 'ਚ ਕਰਵਾ ਚੁੱਕੇ ਹਨ। ਜਿਸ ਤੋਂ ਜ਼ਾਹਿਰ ਹੈ ਕਿ ਸੂਬੇ ਦੇ ਵਿੱਚ ਵਪਾਰ ਲਈ ਕਾਫੀ ਸੁਖਾਲਾ ਮਾਹੌਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਵਿਵਸਥਾ ਵੀ ਹੋਰ ਬਿਹਤਰ ਬਣਾਈ ਹੈ।