ਫਰੀਦਕੋਟ: ਇੱਕ ਪਾਸੇ ਲੋਕ ਸਭਾ ਚੋਣਾਂ ਤਾਂ ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਲਈ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਵਿਚਾਲੇ ਕਿਸਾਨਾਂ ਵਲੋਂ ਪੰਜਾਬ ਦੇ ਪਿੰਡਾਂ 'ਚ ਭਾਜਪਾ ਲੀਡਰਾਂ ਤੇ ਆਗੂਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਅਜਿਹੇ ਪਿੰਡ ਹਨ, ਜਿਥੇ ਭਾਜਪਾ ਆਗੂਆਂ ਦੀ ਐਂਟਰੀ ਤੱਕ ਪਿੰਡ ਵਾਲਿਆਂ ਨੇ ਬੈਨ ਕਰ ਦਿੱਤੀ ਹੋਈ ਹੈ।
ਭਾਜਪਾ ਆਗੂ ਦੇ ਵਿਰੋਧ 'ਤੇ ਪੁਲਿਸ ਐਕਸ਼ਨ: ਉਥੇ ਹੀ ਬੀਤੇ ਦਿਨੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਲੇਵਾਲਾ 'ਚ ਭਾਜਪਾ ਆਗੂ ਦਾ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਸਣੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ। ਜਿਸ ਦੇ ਚੱਲਦੇ ਹੁਣ ਫਰੀਦਕੋਟ ਪੁਲਿਸ ਵਲੋਂ ਕਿਸਾਨਾਂ ਆਗੂਆਂ ਖਿਲਾਫ਼ ਵੱਡਾ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀਂ ਪੁਲਿਸ ਵਲੋਂ ਕਿਸਾਨ ਆਗੂ ਨੌਨਿਹਾਲ ਸਿੰਘ ਨੂੰ ਹਿਰਾਸਤ 'ਚ ਲਿਆ ਗਿਆ ਹੈ ਤੇ ਅੱਜ ਤੜਕਸਾਰ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਦੀਪ ਸਿੰਘ ਵਾਲਾ ਅਤੇ ਹੋਰ ਆਗੂਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਜਿਸ ਦੇ ਚੱਲਦੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਫਰੀਦਕੋਟ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨ ਆਗੂਆਂ ਦੀ ਰਿਹਾਈ ਨਾ ਕੀਤੀ ਗਈ ਤਾਂ ਅੱਜ ਉਹਨਾਂ ਵੱਲੋਂ ਸਾਦਿਕ ਥਾਣੇ ਦੇ ਅੱਗੇ ਪ੍ਰਦਸ਼ਨ ਕੀਤਾ ਜਾਵੇਗਾ।