ਬਰਨਾਲਾ :ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਵਿਖੇ ਕਿਸਾਨੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੌਰਾਨ ਜੱਥੇਬੰਦੀ ਦੇ ਕੇਡਰ ਨੂੰ ਕਿਸਾਨੀ ਮੰਗਾਂ ਅਤੇ ਸਰਕਾਰ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਆਪਣੀ ਜਥੇਬੰਦੀ ਵੱਲੋਂ ਖਨੌੜੀ ਬਾਰਡਰ ਉੱਪਰ ਮਰਨ ਵਰਤ ਅਤੇ ਸੰਘਰਸ਼ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਾ ਵੀ ਪ੍ਰਗਟਾਈ ਅਤੇ ਇਸ ਲਈ ਕੇਂਦਰ ਅਤੇ ਸਟੇਟ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਕਿਸਾਨ ਜਥੇਬੰਦੀ ਨੇ ਕੇਂਦਰ ਸਰਕਾਰ ਉੱਪਰ ਟੇਡੇ ਤਰੀਕੇ ਨਾਲ ਖੇਤੀ ਕਾਨੂੰਨ ਲਾਗੂ ਕਰਨ ਦੇ ਵੀ ਇਲਜ਼ਾਮ ਲਗਾਏ ਹਨ।
ਬੀਕੇਯੂ ਉਗਰਾਹਾਂ ਨੇ ਬਰਨਾਲਾ ਵਿਖੇ ਕੀਤਾ ਵੱਡਾ ਇਕੱਠ (ETV Bharat (ਬਰਨਾਲਾ, ਪੱਤਰਕਾਰ)) ਏਪੀਐਮਸੀ ਐਕਟ
ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਬਰਨਾਲਾ ਵਿੱਚ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਸਿੱਖਿਆ ਮੀਟਿੰਗ ਕੀਤੀ ਜਾ ਰਹੀ ਹੈ। ਜਿਸ ਵਿੱਚ ਜੱਥੇਬੰਦੀ ਦੇ ਵੱਖ-ਵੱਖ ਥਾਵਾਂ ਤੋਂ ਆਗੂ ਅਤੇ ਵਰਕਰ ਸ਼ਾਮਲ ਹੋਏ ਹਨ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਇੱਕ ਡਰਾਫ਼ਟ ਭੇਜਿਆ ਹੈ, ਜਿਸ ਵਿੱਚ ਏਪੀਐਮਸੀ ਐਕਟ ਵਿੱਚ ਸੋਧ ਕਰਨ ਦੀ ਗੱਲ ਆਖੀ ਗਈ ਹੈ। ਇਸ ਡਰਾਫ਼ਟ ਰਾਹੀਂ ਕੇਂਦਰ ਸਰਕਾਰ ਨੇ ਸੀਲੋ ਗੋਦਾਮਾਂ ਅਤੇ ਵੱਡੇ ਸਟੋਰਾਂ ਨੂੰ ਮੰਡੀਆਂ ਬਨਾਉਣ ਦੀ ਗੱਲ ਕੀਤੀ ਹੈ। ਜਿਸਦਾ ਉਹ ਵਿਰੋਧ ਕਰ ਰਹੇ ਹਨ। ਇਸ ਡਰਾਫ਼ਟ ਸਬੰਧੀ ਆਪਣੀ ਜੱਥੇਬੰਦੀਆਂ ਦੇ ਕੇਡਰ ਨੂੰ ਜਾਗਰੂਕ ਕਰ ਰਹੇ ਹਾਂ।
ਕਿਸਾਨਾਂ ਉਪਰ ਲਾਠੀਚਾਰਜ
ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੋ ਤਿੰਨ ਕਾਨੂੰਨ ਰੱਦ ਕਰਵਾਇਆ ਸੀ, ਉਨ੍ਹਾਂ ਨੂੰ ਟੇਢੇ ਤਰੀਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਖਨੌਰੀ ਬਾਰਡਰ ਉਪਰ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਕਿਹਾ ਕਿ ਉਨ੍ਹਾਂ ਦੇ ਦੋ ਫੋਰਮਾਂ ਵਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇਸ ਸੰਘਰਸ਼ ਦੀਆਂ ਮੰਗਾਂ ਨੂੰ ਲੈ ਕੇ ਉਹ ਸਹਿਮਤ ਹਨ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੇ ਜੋ ਮਰਨ ਵਰਤ ਰੱਖਿਆ ਹੈ ਅਤੇ ਜੇਕਰ ਕਿਸਾਨ ਆਗੂ ਨੂੰ ਕੁੱਝ ਵੀ ਹੁੰਦਾ ਹੈ ਤਾਂ ਉਸ ਨੂੰ ਕੇਂਦਰ ਅਤੇ ਰਾਜ ਦੋਵੇਂ ਸਰਕਾਰਾਂ ਜਿੰਮੇਵਾਰ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਮਾਰ ਰਹੀ ਹੈ, ਕਿਸਾਨਾਂ ਉਪਰ ਲਾਠੀਚਾਰਜ ਕੀਤਾ ਜਾ ਰਿਹਾ ਹੈ, ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਨੇ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਵਲੋਂ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਹੋਰਨਾਂ ਜੱਥੇਬੰਦੀਆਂ ਨੂੰ ਭੇਜੇ ਸੱਦੇ ਪੱਤਰ ਸਬੰਧੀ ਕਿਹਾ ਕਿ ਇਸ ਖੁੱਲ੍ਹੇ ਪੱਤਰ ਵਿੱਚ ਉਨ੍ਹਾਂ ਨੇ ਮੰਗਾਂ ਸਬੰਧੀ ਚਰਚਾ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
ਤਾਲ ਮੇਲਵੇਂ ਪ੍ਰੋਗਰਾਮ ਕਰਕੇ ਸੰਘਰਸ਼ ਕਰਨ ਦੀ ਲੋੜ
ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਰੀਆਂ ਜੱਥੇਬੰਦੀਆਂ ਨੂੰ ਇਕੱਠੇਹੋਣ ਦੀ ਲੋੜ ਹੈ। ਭਾਵੇਂ ਜੱਥੇਬੰਦੀਆਂ ਦੇ ਵਿਚਾਰਕ ਵਖਰੇਵੇਂ ਹਨ, ਪਰ ਫ਼ੇਰ ਵੀ ਘੱਟੋ-ਘੱਟ ਇੱਕ ਪ੍ਰੋਗਰਾਮ ਉਪਰ ਜੱਥੇਬੰਦੀਆਂ ਨੂੰ ਤਾਲਮੇਲਵੇਂ ਪ੍ਰੋਗਰਾਮ ਕਰਕੇ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਧਰਨੇ ਮੌਕੇ ਉਨ੍ਹਾਂ ਦੀ ਸਟੇਜ ਵੱਖਰੀ ਰਹੀ ਹੈ, ਪਰ ਸੰਯੁਕਤ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਉਹ ਲਾਗੂ ਕਰਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਦੀਆਂ ਸਮੂਹ ਜੱਥੇਬੰਦੀਆਂ ਵਲੋਂ 23 ਦਸੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਪ੍ਰਦਰਸ਼ਨ ਕਰਨਗੀਆਂ।