ਭਾਰਤ ਭੂਸ਼ਣ ਆਸ਼ੂ ਅਦਾਲਤ 'ਚ ਪੇਸ਼ (ETV BHARAT) ਚੰਡੀਗੜ੍ਹ/ਜਲੰਧਰ: ਬੀਤੀ ਦੇਰ ਰਾਤ ਕਰੀਬ ਅੱਠ ਘੰਟੇ ਦੀ ਪੁੱਛਗਿਛ ਤੋਂ ਬਾਅਦ ਈਡੀ ਵਲੋਂ ਸਾਬਕਾ ਕਾਂਗਰਸ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿੰਨ੍ਹਾਂ ਨੂੰ ਕਿ ਈਡੀ ਵਲੋਂ ਭਾਰੀ ਸੁਰੱਖਿਆ ਹੇਠ ਜਲੰਧਰ ਦੀ ਸੈਸ਼ਨ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਉਥੇ ਹੀ ਕਾਂਗਰਸ ਵਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਦੱਸਿਆ ਗਿਆ ਹੈ।
ਕਾਂਗਰਸ ਨੇ ਦੱਸੀ ਸਿਆਸੀ ਬਦਲਾਖੋਰੀ: ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ 'ਤੇ ਟਵੀਟ ਕਰਕੇ ਲਿਖਿਆ ਕਿ, ED ਵੱਲੋਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕਰਦਾ ਹਾਂ। ਅਸੀ ਇਸ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੇ ਹਾਂ। ਇਹ ਬਦਲਾਖੋਰੀ ਦੀ ਰਾਜਨੀਤੀ ਸਾਨੂੰ ਸੱਚ ਅਤੇ ਨਿਆਂ ਲਈ ਲੜਨ ਤੋਂ ਨਹੀਂ ਰੋਕ ਸਕੇਗੀ। ਉਥੇ ਹੀ ਜਲੰਧਰ ਦੇ ਸੈਸ਼ਨ ਕੋਰਟ ਵਿੱਚ ਪਹੁੰਚੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਵੀ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਮਿਲ ਕੇ ਵੈਨਡੇਟਾ ਰਾਜਨੀਤੀ ਤਹਿਤ ਸਿਆਸੀ ਬਦਲਾਖੋਰੀ ਕਰ ਰਹੇ ਹਨ।
ਇਹ ਹੈ ਸਾਰਾ ਮਾਮਲਾ:ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਦੇ ਮੰਤਰੀ ਰਹਿੰਦਿਆਂ ਮੰਡੀਆਂ ਦੇ ਵਿੱਚ ਦਿੱਤੇ ਗਏ ਠੇਕਿਆਂ ਦੇ ਅੰਦਰ ਬੇਨਿਯਮੀਆਂ ਪਾਉਣ ਕਰਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਦੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਸੰਭਾਲ ਰਹੇ ਸਨ ਤਾਂ ਉਨ੍ਹਾਂ 'ਤੇ ਕਰੀਬ 2,000 ਕਰੋੜ ਰੁਪਏ ਦੇ ਟੈਂਡਰ 'ਚ ਘਪਲਾ ਕਰਨ ਦਾ ਇਲਜ਼ਾਮ ਲੱਗਿਆ ਸੀ। ਇਸ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਤੇ ਢੋਆ-ਢੁਆਈ ਦੇ ਟੈਂਡਰਾਂ 'ਚ ਵੱਡੇ ਪੱਧਰ ’ਤੇ ਬੇਨਿਯਮੀਆਂ ਹੋਈਆਂ ਸਨ। ਮਾਮਲੇ ਦੀ ਜਾਂਚ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਟਰਾਂਸਪੋਰਟੇਸ਼ਨ ਅਤੇ ਸਪਲਾਈ ਦੇ ਨਾਂ 'ਤੇ ਕਈ ਫਰਜ਼ੀ ਵਾਹਨਾਂ ਅਤੇ ਉਨ੍ਹਾਂ ਦੀ ਦੁਰਵਰਤੋਂ ਕੀਤੀ ਜਾਂਦੀ ਸੀ।
ਵਿਜੀਲੈਂਸ ਨੇ ਵੀ ਕੀਤੀ ਸੀ ਪਹਿਲਾਂ ਗ੍ਰਿਫ਼ਤਾਰੀ: ਕਾਬਿਲੇਗੌਰ ਹੈ ਕਿ ਸਾਲ 2022 ਦੇ ਵਿੱਚ ਵਿਜੀਲੈਂਸ ਵੱਲੋਂ ਵੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਲੱਗਭਗ ਅੱਠ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਸੀ ਪਰ ਹੁਣ ਈਡੀ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਵੱਲੋਂ ਵੀ ਉਸ ਸਮੇਂ ਈਡੀ ਨੂੰ ਇਸ ਮਾਮਲੇ ਦੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਸੀ। ਜਿਸ ਕਰਕੇ ਹੁਣ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ।