ਲੁਧਿਆਣਾ: ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਆਪਣੇ ਹੈਰਾਨ ਕਰਨ ਵਾਲੇ ਹੁਨਰ ਨੂੰ ਦਿਖਾਉਣ ਲਈ ਕਈ ਸ਼ਹਿਰਾਂ ਅਤੇ ਪਿੰਡਾਂ ਤੋਂ ਖਿਡਾਰੀ ਪਹੁੰਚ ਰਹੇ ਹਨ। ਇਸ ਮੌਕੇ ਬਾਜ਼ੀਗਰਾਂ ਵੱਲੋਂ ਵੀ ਆਪਣੀ ਕਲਾ ਦੇ ਜੌਹਰ ਵਿਖਾਏ ਗਏ। ਜਿਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ। ਇਸ ਮੌਕੇ ਬਾਜ਼ੀਗਰਾਂ ਵੱਲੋਂ ਵੱਖ-ਵੱਖ ਬਾਜ਼ੀਆਂ ਪਈਆਂ ਗਈਆਂ। ਲੰਮੀਆਂ ਛਾਲਾਂ ਮਾਰੀਆਂ ਗਈਆਂ ਅਤੇ ਬਾਹਾਂ ਦੇ ਸਹਾਰੇ ਖੜ੍ਹੇ ਹੋਣ ਦੇ ਕਰਤੱਬ ਵਿਖਾਏ ਗਏ। ਉਨ੍ਹਾਂ ਨੇ ਸਰੀਆ ਮੋੜਨ ਦੇ ਕਰਤੱਬ ਵਿਖਾ ਕੇ ਵੀ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਬਾਜ਼ੀਗਰਾਂ ਨੇ ਕਿਹਾ ਕਿ ਕਈ ਪੀੜ੍ਹੀਆਂ ਤੋਂ ਉਨ੍ਹਾਂ ਦਾ ਇਹ ਕੰਮ ਚੱਲਦਾ ਆ ਰਿਹਾ ਹੈ।
ਕਿਲ੍ਹਾ ਰਾਏਪੁਰ ਦੀਆਂ ਖੇਡਾਂ (Etv Bharat)
ਸਰਕਾਰਾਂ ਨਾਲ ਜਤਾਈ ਨਰਾਜ਼ਗੀ
ਇਸ ਦੌਰਾਨ ਬਾਜ਼ੀਗਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਪੀੜ੍ਹੀ ਦਾ ਇਹ ਆਖਰੀ ਗਰੁੱਪ ਹੈ ਜੋ ਕਿ ਬਠਿੰਡਾ ਤੋਂ ਵਿਸ਼ੇਸ਼ ਤੌਰ ਉੱਤੇ ਬਾਜ਼ੀ ਪਾਉਣ ਲਈ ਆਇਆ ਹੈ। ਸਾਡੇ ਬਜ਼ੁਰਗਾਂ ਤੋਂ ਹੁਣ ਤੱਕ ਕਈ ਪੀੜ੍ਹੀਆਂ ਇਸ ਖੇਡ ਨਾਲ ਜੁੜੀਆਂ ਰਹੀਆਂ ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਕੁੱਝ ਵੀ ਬਾਜ਼ੀਗਰਾਂ ਨੂੰ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਸਾਫ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਕੰਮ ਕਰਨ ਤੋਂ ਗੁਰੇਜ਼ ਕਰਨਗੀਆਂ।
ਕਿਲ੍ਹਾ ਰਾਏਪੁਰ 'ਚ ਬਾਜ਼ੀਗਰ (Etv Bharat) ਬਾਜ਼ੀਗਰਾਂ ਨੇ ਕਿਹਾ ਕਿ ਹੁਣ ਪਿੰਡਾਂ ਦੇ ਵਿੱਚ ਬਾਜ਼ੀਆਂ ਪਾਉਣ ਵਾਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ, ਹੁਣ ਪਹਿਲਾਂ ਵਾਂਗ ਨੌਜਵਾਨਾਂ ਦੇ ਵਿੱਚ ਜ਼ੋਰ ਵੀ ਨਹੀਂ ਰਹੇ। ਪਹਿਲਾਂ ਦੀਆਂ ਖੁਰਾਕਾਂ ਚੰਗੀਆਂ ਸਨ, ਨੌਜਵਾਨ ਵਰਜਿਸ਼ ਦੇ ਨਾਲ ਨਾਲ ਚੰਗੀ ਖੁਰਾਕ ਖਾਂਦੇ ਸਨ ਅਤੇ ਆਪਣੇ ਸਰੀਰ ਦੀ ਸੰਭਾਲ ਰੱਖਦੇ ਸਨ। ਜਿਸ ਕਰਕੇ ਨੌਜਵਾਨ ਬਾਜ਼ੀਆਂ ਪਿੰਡਾਂ ਦੇ ਵਿੱਚ ਪਾਉਂਦੇ ਹੁੰਦੇ ਸਨ ਪਰ ਹੁਣ ਪਿੰਡਾਂ ਦੇ ਵਿੱਚੋਂ ਇਹ ਖੇਡਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਜਿਸ ਨੂੰ ਬਚਾਉਣ ਲਈ ਸਰਕਾਰ ਨੂੰ ਖ਼ੁਦ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਵੀ ਮੇਲੇ ਲੱਗਦੇ ਸਨ ਤਾਂ ਸਭ ਤੋਂ ਪਹਿਲਾਂ ਬਾਜ਼ੀਗਰਾਂ ਨੂੰ ਹੀ ਸੱਦਿਆ ਜਾਂਦਾ ਸੀ ਪਰ ਹੁਣ ਜਿੱਥੇ ਮੇਲੇ ਖਤਮ ਹੋ ਗਏ ਹਨ, ਉੱਥੇ ਹੀ ਮੇਲਿਆਂ ਦੇ ਵਿੱਚ ਪੈਣ ਵਾਲੀਆਂ ਬਾਜ਼ੀਆਂ ਵੀ ਹੌਲੀ-ਹੌਲੀ ਖ਼ਤਮ ਹੁੰਦੀਆਂ ਜਾ ਰਹੀਆਂ ਨੇ ਜਿਸ ਨੂੰ ਬਚਾਉਣ ਦੀ ਲੋੜ ਹੈ।
ਬਾਜ਼ੀਗਰਾਂ ਦੇ ਕਰਤੱਬ (Etv Bharat) 17 ਸਾਲ ਦਾ ਨੌਜਵਾਨ ਬਾਜ਼ੀਗਰ (Etv Bharat) ਗੁਜ਼ਾਰਾ ਕਰਨਾ ਵੀ ਔਖਾ
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਘਰ ਦੇ ਖਰਚੇ ਵੀ ਚਲਾਉਣੇ ਹੁਣ ਔਖੇ ਹੋ ਗਏ ਹਨ। ਬਾਜ਼ੀਗਰਾਂ ਨੇ ਦੱਸਿਆ ਕਿ ਸਾਨੂੰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਸ਼ੁਰੂ ਤੋਂ ਹੀ ਸੱਦਿਆ ਜਾਂਦਾ ਹੈ। ਇਸ ਵਾਰ ਕੁੱਝ ਨਵੇਂ ਨੌਜਵਾਨ ਵੀ ਇਸ ਖੇਡ 'ਚ ਸ਼ਾਮਿਲ ਹੋਣ ਆਏ ਹਨ। ਇਸ ਮੌਕੇ ਇੱਕ 17 ਸਾਲ ਦੇ ਨੌਜਵਾਨ ਬਾਜ਼ੀਗਰ ਨੇ ਦੱਸਿਆ ਕਿ ਪਿੱਛਲੇ ਢਾਈ-ਤਿੰਨ ਸਾਲ ਤੋਂ ਇਸ ਖੇਡ ਨਾਲ ਜੁੜਿਆ ਹੈ ਅਤੇ ਉਹ ਬਾਰਵੀਂ ਜਮਾਤ ਦਾ ਵਿਦਿਆਰਥੀ ਵੀ ਹੈ। ਫਿਲਹਾਲ ਉਹ ਦੋ ਤਿੰਨ ਸਾਲ ਤੋਂ ਬਾਜ਼ੀਆਂ ਪਾ ਰਿਹਾ ਹੈ ਅਤੇ ਕੁਝ ਬਾਜ਼ੀਆਂ ਉਸ ਨੇ ਸਿਖ ਵੀ ਲਈਆਂ ਹਨ ।ਉਹਨਾਂ ਕਿਹਾ ਕਿ ਇਸ ਨਾਲ ਸਰੀਰ ਤੰਦਰੁਸਤ ਅਤੇ ਲਚਕੀਲਾ ਰਹਿੰਦਾ ਹੈ।