ਬਠਿੰਡਾ : ਬਠਿੰਡਾ ਪੁਲਿਸ ਵੱਲੋਂ ਤਿੰਨ ਰੋਜ਼ਾ ਐਂਟੀ ਡਰੱਗ ਕ੍ਰਿਕਟ ਲੀਗ ਕਰਵਾਈ ਗਈ, ਜਿਸ ਵਿੱਚ 16 ਕ੍ਰਿਕਟ ਪੇਂਡੂ ਟੀਮਾਂ ਨੇ ਹਿੱਸਾ ਲਿਆ। 21 ਜੂਨ ਤੋਂ 23 ਜੂਨ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਜਿੱਥੇ ਖਿਡਾਰੀਆਂ ਵੱਲੋਂ ਕ੍ਰਿਕਟ ਖੇਡੀ ਗਈ, ਉੱਥੇ ਹੀ ਵੱਖ-ਵੱਖ ਨਸ਼ਾ ਛੱਡ ਚੁੱਕੇ ਨੌਜਵਾਨਾਂ ਵੱਲੋਂ ਸਟੇਜ ਰਾਹੀਂ ਅਪੀਲ ਵੀ ਕੀਤੀ ਗਈ ਕਿ ਸਾਨੂੰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਤਾਂ ਹੀ ਹੋਵੇਗਾ ਜਦ ਅਸੀਂ ਸਾਰੇ ਮਿਲ ਜੁਲ ਕੇ ਇਸ ਭੈੜੀ ਲਾਹਨਤ ਨੂੰ ਦੂਰ ਕਰਨ ਲਈ ਇਕੱਠੇ ਹੋਵਾਂਗੇ। ਸਾਨੂੰ ਨਸ਼ੇ ਛੱਡ ਕੇ ਗਰਾਉਂਡਾਂ ਵੱਲ ਆਉਣਾ ਚਾਹੀਦਾ ਹੈ।
ਜੇਤੂ ਟੀਮਾਂ ਨੁੰ ਦਿੱਤਾ ਬਣਦਾ ਸਨਮਾਣ: ਐੱਸ. ਐੱਸ. ਪੀ. ਦੀਪਕ ਪਾਰੀਕ ਬਠਿੰਡਾ ਨੇ ਦੱਸਿਆ ਕਿ ਤਿੰਨ ਦਿਨਾਂ 'ਐਂਟੀ ਡਰੱਗ ਕ੍ਰਿਕਟ ਲੀਗ' ਦੇ ਪਹਿਲੇ ਦਿਨ ਕੁੱਲ 8 ਮੈਚ ਕਰਵਾਏ ਗਏ। ਇਨ੍ਹਾਂ ਵਿੱਚੋਂ 4 ਟੀਮਾਂ ਨੇ ਅੱਗੇ ਸੈਮੀਫਾਈਨਲ ਮੁਕਾਬਲੇ 'ਚ ਆਪਣੀ ਜਗ੍ਹਾ ਬਣਾਈ। ਦੂਜੇ ਦਿਨ ਸੈਮੀਨਲ ਫਾਈਨਲ ਵਿੱਚ 2 ਮੈਚ ਕਰਵਾਏ ਗਏ, ਜਿਨ੍ਹਾਂ ਵਿੱਚੋਂ 2 ਟੀਮਾਂ ਨੇ ਅੱਗੇ ਫਾਈਨਲ ਲਈ ਆਪਣੀ ਜਗ੍ਹਾ ਬਣਾਈ। ਫਾਈਨਲ ਮੈਚ ਮਨੋਜ ਗਿਰੀ ਅਤੇ ਕਰਮਗੜ੍ਹ ਛੱਤਰਾਂ ਦੀ ਟੀਮ ਵਿਚਕਾਰ ਖੇਡਿਆ ਗਿਆ। ਜਿਨ੍ਹਾਂ ਵਿੱਚੋਂ ਮਨੋਜ ਗਿਰੀ ਟੀਮ ਜੇਤੂ ਰਹੀ ਅਤੇ ਕਰਮਗੜ੍ਹ ਛੱਤਰਾਂ ਟੀਮ ਦੂਜੇ ਨੰਬਰ 'ਤੇ ਰਹੀ। ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ 11000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ।