ਬਠਿੰਡਾ: ਜ਼ਿਲ੍ਹੇ ਦੇ ਪਿੰਡ ਚਾਉਕੇ ਵਿਖੇ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਦੋਂ ਰੰਜਿਸ਼ ਦੇ ਚੱਲਦਿਆਂ ਦੋਸਤਾਂ ਵੱਲੋਂ ਹੀ ਦੋਸਤ ਨੂੰ ਕਤਲ ਕਰਕੇ ਬਾਹਰਲੇ ਘਰ ਵਿੱਚ ਉਸ ਦੀ ਲਾਸ਼ ਦਬਾ ਦਿੱਤੀ ਗਈ। ਇਸ ਸਬੰਧੀ ਡੀਐਸਪੀ ਰਾਮਪੁਰਾ ਫੂਲ ਨੇ ਦੱਸਿਆ ਕਿ ਉਹਨਾਂ ਪਾਸ ਅਕਾਸ਼ਦੀਪ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਚਾਉਕੇ ਨੇ ਪੁਲਿਸ ਚੌਕੀ ਚਾਉਕੇ ਥਾਣਾ ਸਦਰ ਰਾਮਪੁਰਾ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਭਰਾ ਅਰਸ਼ਦੀਪ ਸਿੰਘ ਉਮਰ ਕਰੀਬ 22 ਸਾਲ ਜੋ 17 ਜਨਵਰੀ ਨੂੰ ਸ਼ਾਮ ਨੂੰ ਘਰੋਂ ਚਲਾ ਗਿਆ ਸੀ, ਜਿਸ ਦੀ ਉਹ ਭਾਲ ਕਰ ਰਹੇ ਸੀ। ਪੁਲਿਸ ਚੌਂਕੀ ਚਾਉਕੇ ਅਤੇ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਡੂੰਘਾਈ ਨਾਲ ਕਾਤਲਾਂ ਦਾ ਪਤਾ ਲਗਾ ਕੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ।
ਦੋਸਤ ਬਣਿਆ ਕਾਲ, ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਕੁਝ ਘੰਟਿਆਂ ਵਿੱਚ ਕੀਤਾ ਹੱਲ - ਦੋਸਤਾਂ ਨੇ ਲਈ ਦੋਸਤ ਦੀ ਜਾਨ
Friends killed his own friend: ਬਠਿੰਡਾ ਦੇ ਪਿੰਡ ਚਾਉਕੇ 'ਚ ਦੋਸਤਾਂ ਵਲੋਂ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਵਾਰਦਾਤ ਕੀਤੀ ਗਈ ਹੈ, ਜਿਸ 'ਚ ਮ੍ਰਿਤਕ ਦਾ ਕਤਲ ਕਰਕੇ ਲਾਸ਼ ਮਿੱਟੀ 'ਚ ਦਬਾ ਦਿੱਤੀ ਗਈ।
Published : Jan 29, 2024, 10:06 AM IST
ਨੌਜਵਾਨ ਦੇ ਲਾਪਤਾ ਹੋਣ ਦੀ ਖ਼ਬਰ:ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਮੋਹਿਤ ਕੁਮਾਰ ਅਗਰਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰਸ਼ਦੀਪ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਸੀ, ਜਿਸ ਦੀ ਉਹ ਭਾਲ ਕਰ ਰਹੇ ਸੀ ਤਾਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਨੂੰ 17 ਜਨਵਰੀ ਦੀ ਸ਼ਾਮ ਨੂੰ ਗੁਰਭਿੰਦਰ ਸਿੰਘ ਉਰਫ ਗੋਲਡੀ ਪੁੱਤਰ ਮਲਕੀਤ ਸਿੰਘ ਅਤੇ ਬਲਜੀਤ ਸਿੰਘ ਉਰਫ ਪ੍ਰਭੂ ਪੁੱਤਰ ਰਾਜ ਸਿੰਘ ਵਾਸੀਆਨ ਚਾਉਕੇ ਆਪਣੇ ਸਪਲੈਡਰ ਮੋਟਰ ਸਾਇਕਲ 'ਤੇ ਮੇਲਾ ਦੇਖਣ ਦਾ ਬਹਾਨਾ ਲਾ ਕੇ ਆਪਣੇ ਨਾਲ ਲੈ ਗਏ ਸਨ, ਜਿਸ ਸਬੰਧੀ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਲਾਪਤਾ ਨੌਜਵਾਨ ਨੂੰ ਗੁਰਭਿੰਦਰ ਸਿੰਘ ਅਤੇ ਬਲਜੀਤ ਸਿੰਘ ਨੇ ਮਾਰ ਕੇ ਕਿਤੇ ਖਪਾ ਦਿੱਤਾ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਕੁੱਝ ਸਮਾਂ ਪਹਿਲਾਂ ਅਰਸ਼ਦੀਪ ਸਿੰਘ ਅਤੇ ਗੁਰਭਿੰਦਰ ਸਿੰਘ ਦੀ ਆਪਸ ਵਿੱਚ ਅਣਬਣ ਹੋ ਗਈ ਸੀ ਪਰ ਬਾਅਦ ਵਿੱਚ ਸਮਝੌਤਾ ਹੋ ਗਿਆ ਸੀ ਪਰ ਗੁਰਭਿੰਦਰ ਸਿੰਘ ਅਜੇ ਵੀ ਦਿਲ ਵਿੱਚ ਖਾਰ ਰੱਖਦਾ ਸੀ, ਜਿਸ ਦੇ ਚੱਲਦੇ ਇਹ ਵਾਰਦਾਤ ਕੀਤੀ ਗਈ ਹੈ।
ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ: ਡੀਐੱਸਪੀ ਮੋਹਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਹ ਉਹਨਾਂ ਦੋਵਾਂ ਨੇ ਉਸੇ ਦਿਨ ਅਰਸ਼ਦੀਪ ਸਿੰਘ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਸਦਾ ਸਾਹ ਬੰਦ ਕਰਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਕਬੂਲ ਕੀਤਾ ਕਿ ਮੋਟਰ ਸਾਇਕਲ 'ਤੇ ਬਿਠਾ ਕੇ ਅਰਸ਼ਦੀਪ ਨੂੰ ਉਹ ਗੁਰਭਿੰਦਰ ਸਿੰਘ ਦੇ ਬਾਹਰਲੇ ਘਰ ਲੈ ਗਏ ਸਨ, ਜਿਥੇ ਕਮਰੇ ਵਿੱਚ ਦੋਵਾਂ ਨੇ ਟੋਆ ਪੁੱਟ ਕੇ ਉਸ ਦੀ ਲਾਸ਼ ਨੂੰ ਮਿੱਟੀ ਵਿੱਚ ਦੱਬ ਦਿੱਤਾ ਸੀ। ਡੀਐੱਸਪੀ ਨੇ ਦੱਸਿਆ ਕਿ ਤਹਿਸੀਲਦਾਰ ਬਾਲਿਆਂਵਾਲੀ ਦੀ ਹਾਜ਼ਰੀ ਵਿੱਚ ਦੋਸ਼ੀਆਂ ਵਲੋਂ ਨਿਸ਼ਾਨਦੇਹੀ ਕਰਵਾ ਕੇ ਲਾਸ਼ ਨੂੰ ਮਿੱਟੀ ਵਿਚੋਂ ਬਾਹਰ ਕਢਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।