ਬਠਿੰਡਾ ਪੁਲਿਸ ਨੇ ਇੱਕ ਔਰਤ ਸਣੇ ਦੋ ਮੁਲਜ਼ਮ ਕੀਤੇ ਗ੍ਰਿਫਤਾਰ ਬਠਿੰਡਾ:ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਖਿਲਾਫ ਬਠਿੰਡਾ ਪੁਲਿਸ ਮੁਸਤੈਦ ਨਜ਼ਰ ਆਈ। ਸਮਾਜ ਵਿਰੋਧੀ ਅਨਸਰਾਂ ਖਿਲਾਫ ਵੱਡੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਵੱਲੋਂ ਇੱਕ ਔਰਤ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਨ੍ਹਾਂ ਕੋਲੋਂ ਚੋਰੀ ਕੀਤਾ ਗਿਆ 22 ਬੋਰ ਦਾ ਰਿਵਾਲਵਰ ਅਤੇ 10 ਜਿੰਦਾ ਕਾਰਤੂਸ ਅਤੇ ਗਹਿਣੇ ਬਰਾਮਦ ਕੀਤੇ ਹਨ।
ਮੁਖਬਰੀ ਨੇ ਦਿੱਤੀ ਸੂਚਨਾ: ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਸ਼ਰਾਰਤੀ ਅਨਸਰਾਂ ਉੱਤੇ ਨਕੇਲ ਕੱਸਣ ਲਈ ਪੀ.ਸੀ.ਆਰ ਪਾਰਟੀਆ ਲਗਾਤਾਰ ਦਿਨ-ਰਾਤ ਚੈਕਿੰਗ ਕਰਦੀਆਂ ਰਹਿੰਦੀਆ ਹਨ ਅਤੇ ਸ਼ੱਕੀ ਵਿਅਕਤੀਆਂ ਉੱਤੇ ਨਜ਼ਰ ਰੱਖਦੀਆਂ ਹਨ। ਥਾਣਾ ਸੰਗਤ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਹਾਸਿਲ ਹੋਈ, ਜਦੋਂ ਪੁਲਿਸ ਪਾਰਟੀ ਸ਼ਹਿਰ ਵਿੱਚ ਗਸ਼ਤ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਇੱਕ ਮੁਖਬਰੀ ਕੋਲੋਂ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਉੱਤੇ ਕਾਰਵਾਈ ਕੀਤੀ ਗਈ।
ਗਸ਼ਤ ਦੌਰਾਨ ਮੁਲਜ਼ਮ ਗ੍ਰਿਫਤਾਰ : ਡੀਐਸਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਗੋਰਾ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬੰਗੀ ਕਲਾਂ ਅਤੇ ਵੀਰਪਾਲ ਕੌਰ ਪਤਨੀ ਗੁਰਪਾਲ ਸਿੰਘ ਵਾਸੀ ਸ਼ੇਰਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਬੰਦ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਬੰਦ ਘਰਾਂ ਵਿੱਚ ਸਮਾਨ ਚੋਰੀ ਕਰਕੇ ਲੈ ਜਾਂਦੇ ਸੀ। ਉਨ੍ਹਾਂ ਦੱਸਿਆ ਜਦੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਗਸ਼ਤ ਕੀਤੀ ਜਾ ਰਹੀ ਸੀ, ਉਸ ਸਮੇਂ ਮੁਖਬਰੀ ਹੋਈ ਕਿ ਗੋਰਾ ਸਿੰਘ ਪੁੱਤਰ ਅਜੈਬ ਸਿੰਘ ਅਤੇ ਵੀਰਪਾਲ ਕੌਰ ਨੂੰ ਕਾਬੂ ਕੀਤਾ।
ਕੀ-ਕੀ ਬਰਾਮਦ ਹੋਇਆ :ਡੀਐਸਪੀ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਉੱਤੇ ਬਣਦੀ ਕਾਨੂੰਨੀ ਧਾਰਾਵਾਂ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਸਮਾਨ ਇੱਕ ਰਿਵਾਲਵਰ, 22 ਬੋਰ ਸਮੇਤ 10 ਜਿੰਦਾ ਰੌਂਦ, 2 ਤੋਲੇ ਸੋਨੇ ਦੇ ਗਹਿਣੇ ਅਤੇ 5 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ, ਤਾਂ ਜੋ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਉੱਤੇ ਹੋਰ ਵੀ ਅਹਿਮ ਖੁਲਾਸੇ ਹੋ ਸਕਣ।