ਪੰਜਾਬ

punjab

ETV Bharat / state

ਖੇਤੀਬਾੜੀ ਵਿਭਾਗ ਵੱਲੋਂ ਸੁੰਡੀ ਨਾਲ ਪ੍ਰਭਾਵਿਤ ਕਣਕ ਦੀ ਫਸਲ ਦਾ ਨਿਰੀਖਣ - AGRICULTURE DEPARTMENT

ਕਿਸਾਨ ਹਰਦੀਪ ਸਿੰਘ ਦੇ ਖੇਤ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਗਿਆ।

agriculture department
ਕਣਕ ਦੀ ਫਸਲ ਦਾ ਨਿਰੀਖਣ (ETV Bharat (ਬਰਨਾਲਾ, ਪੱਤਰਕਾਰ))

By ETV Bharat Punjabi Team

Published : Dec 14, 2024, 8:00 PM IST

ਬਰਨਾਲਾ:ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਜਲੰਧਰ ਤੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਅੱਜ ਬਰਨਾਲਾ ਜਿਲ੍ਹੇ ਦੇ ਪਿੰਡ ਭਗਤਪੁਰਾ ਵਿਖੇ ਕਿਸਾਨ ਹਰਦੀਪ ਸਿੰਘ ਦੇ ਖੇਤ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਹਾਇਕ ਪੌਦ ਸੁਰੱਖਿਆ ਅਫਸਰ ਡਾਕਟਰ ਚੰਦਰਭਾਨ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪਿੰਡਾਂ ’ਚ ਕੀਤੇ ਸਰਵੇਖਣ ਦੌਰਾਨ ਪਾਇਆ ਗਿਆ ਹੈ ਕਿ ਤਣੇ ਉੱਪਰ ਗੁਲਾਬੀ ਸੁੰਡੀ ਹਰੇਕ ਤਰ੍ਹਾਂ ਦੀ ਤਕਨਾਲੋਜੀ ਨਾਲ ਬੀਜੀ ਕਣਕ ਦੀ ਫਸਲ ਉੱਪਰ ਦੇਖੀ ਗਈ ਹੈ। ਜਿਸ ਤੋਂ ਬਚਾਅ ਲਈ ਨਿਰੰਤਰ ਨਿਰੀਖਣ ਦੀ ਲੋੜ ਹੈ।

ਗੁਲਾਬੀ ਸੁੰਡੀ ਤੋਂ ਡਰਨ ਦੀ ਲੋੜ ਨਹੀਂ


ਉਨ੍ਹਾਂ ਦੱਸਿਆ ਕਿ ਕਣਕ ਤੋਂ ਇਲਾਵਾ ਇਹ ਸੁੰਡੀ ਮੱਕੀ, ਝੋਨਾ, ਬਾਸਮਤੀ ਤੇ ਜਵਾਰ ’ਚ ਵੀ ਹਮਲਾ ਕਰਦੀ ਹੈ। ਇਸ ਲਈ ਗੁਲਾਬੀ ਸੁੰਡੀ ਤੋਂ ਡਰਨ ਦੀ ਲੋੜ ਨਹੀਂ ਬਲਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਸ਼ਸ਼ੁਦਾ ਤਕਨੀਕਾਂ ਦੀ ਵਰਤੋਂ ਕਰਕੇ ਇਲਾਜ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਉੱਪਰ ਨਾ ਜਾਵੇ। ਜੇਕਰ ਹਮਲਾ ਆਰਥਿਕ ਕਗਾਰ ਤੋਂ ਜਿਆਦਾ ਹੈ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਮੇਂ ਸਿਰ ਇਲਾਜ ਨਾ ਹੋਣ ’ਤੇ ਸੁੰਡੀ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਕਰ ਸਕਦੀ ਹੈ।

ਸੁੰਡੀ ਦੇ ਹਮਲੇ ਤੋਂ ਬਚਾਅ


ਖੇਤੀਬਾੜੀ ਵਿਕਾਸ ਅਫ਼ਸਰ ਡਾ. ਨਵਜੀਤ ਸਿੰਘ ਪੱਖੋਕੇ ਨੇ ਦੱਸਿਆ ਕਿ ਨਵੰਬਰ ਦੇ ਪਹਿਲੇ ਪੰਦਰਵਾੜੇ ਦੌਰਾਨ ਬੀਜੀ ਗਈ ਕਣਕ ਦੀ ਫਸਲ ਉੱਪਰ ਕਿਤੇ-ਕਿਤੇ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਜਿਸ ਦੀ ਰੋਕਥਾਮ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ਼ਹਿਣਾ ਵੱਲੋਂ ਲਗਾਤਾਰ ਕਿਸਾਨਾਂ ਦਾ ਰਾਬਤਾ ਕਰਕੇ ਇਹ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਕਿਸਾਨਾਂ ਦੀ ਅਗੇਤੀ ਬੀਜੀ ਕਣਕ ਦੀ ਫਸਲ ਦੇ ਤਨੇ ਉੱਪਰ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ ਪਰ ਕਿਸਾਨਾਂ ਨੂੰ ਇਸ ਕੀੜੇ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਪਹਿਲਾਂ ਪਾਣੀ ਲਾਉਣ ਤੋਂ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦੇਵੇ ਤਾਂ ਤੁਰੰਤ ਉਸ ਦੇ ਇਲਾਜ ਲਈ ਖੇਤੀ ਮਾਹਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਸੁੰਡੀਆਂ ਦਾ ਸ਼ਿਕਾਰ


ਖੇਤੀਬਾੜੀ ਵਿਭਾਗ ਸ਼ਹਿਣਾ ਦੇ ਬਲਾਕ ਟੈਕਨੋਲਜੀ ਮੈਨਜਰ ਡਾ. ਜਸਵਿੰਦਰ ਸਿੰਘ ਸਹਾਇਕ ਟੈਕਨੋਲਜੀ ਮੈਨਜਰ ਸਤਨਾਮ ਸਿੰਘ ਮਾਨ ਨੇ ਦੱਸਿਆ ਕਿ ਜੇਕਰ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਜਿਆਦਾ ਹੋਵੇ ਤਾਂ ਪਹਿਲਾਂ ਪਾਣੀ ਲਾਉਣ ਤੋਂ 7 ਕਿੱਲੋ ਫਿਪਰੋਨਿਲ ਜਾਂ ਇਕ ਲੀਟਰ ਕਲੋਰੋਪਾਈਰਾਈਫਾਸ ਈਸੀ ਨੂੰ 20 ਕਿੱਲੋ ਸਿੱਲੀ ਮਿੱਟੀ ’ਚ ਰਲਾ ਕੇ ਛਿੱਟਾ ਦੇ ਦਿਓ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਦਿਨ ਸਮੇਂ ਪਹਿਲਾ ਪਾਣੀ ਲਾਉਣ ਨੂੰ ਤਰਜੀਹ ਦਿਓ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। ਉਨ੍ਹਾਂ ਦੱਸਿਆ ਕਿ ਜੇਕਰ ਪਹਿਲਾ ਪਾਣੀ ਲਾਉਣ ਤੋਂ ਬਾਅਦ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ 50 ਮਿਲੀਲੀਟਰ ਕਲੋਰੋਐਂਟਰਨ ਨੀਲੀ ਪਰੋਲ 18.5 ਐਸਸੀ ਨੂੰ 100 ਲੀਟਰ ਪਾਣੀ ’ਚ ਘੋਲ ਕੇ ਨੈੱਟਸੈਕ ਛਿੜਕਾ ਪੰਪ ਵਰਤ ਕੇ ਗੋਲ ਨੋਜਲ ਨਾਲ ਛੜਕਾ ਕਰਨਾ ਚਾਹੀਦਾ ਹੈ। ਇਸ ਮੌਕੇ ਕਿਸਾਨ ਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।

ABOUT THE AUTHOR

...view details