ਬਰਨਾਲਾ:ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਵਿਚਲਾ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਹਰਿੰਦਰ ਧਾਲੀਵਾਲ ਦਾ ਵਿਰੋਧ ਜਾਰੀ ਰੱਖਿਆ ਹੈ। ਅੱਜ ਸਵੇਰੇ ਗੁਰਦੀਪ ਸਿੰਘ ਬਾਠ ਵੱਲੋਂ ਆਪਣੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਉਹ ਬਰਨਾਲਾ ਦੀ ਇਸ ਚੋਣ ਨੂੰ ਆਜ਼ਾਦ ਲੜਨ ਦੇ ਰੌਂਅ ਵਿੱਚ ਹਨ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉਪਰ ਇਸ ਸਬੰਧੀ ਇੱਕ ਪੋਸਟ ਪਾ ਕੇ ਚੇਅਰਮੈਨੀ ਛੱਡਣ ਦਾ ਐਲਾਨ ਕੀਤਾ ਅਤੇ ਨਾਲ ਹੀ ਉਨ੍ਹਾਂ ਲਿਖਿਆ ਹੈ ਕਿ'ਸਾਥੀਓ ਮਿਲਦੇ ਆਂ ਲੋਕਾਂ ਦੀ ਕਚਹਿਰੀ 'ਚ।'
ਆਜ਼ਾਦ ਲੜਨ ਲਈ ਤਿਆਰ
ਗੁਰਦੀਪ ਸਿੰਘ ਬਾਠ ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਲਈ ਟਿਕਟ ਦੇ ਸਭ ਤੋਂ ਵੱਡੇ ਦਾਅਵੇਦਾਰ ਸਨ। ਪਰ ਪਾਰਟੀ ਵੱਲੋਂ ਸੰਸਦ ਮੈਂਬਰ ਅਤੇ ਬਰਨਾਲਾ ਤੋਂ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਖਾਸ ਦੋਸਤ ਹਰਿੰਦਰ ਧਾਲੀਵਾਲ ਨੂੰ ਟਿਕਟ ਦੇ ਦਿੱਤੀ ਗਈ। ਜਿਸ ਤੋਂ ਤੁਰੰਤ ਬਾਅਦ ਹੀ ਗੁਰਦੀਪ ਸਿੰਘ ਬਾਠ ਨੇ ਇਸਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਪਾਰਟੀ ਵੱਲੋਂ ਭਾਵੇਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਉਹ ਆਜ਼ਾਦ ਤੌਰ 'ਤੇ ਆਜ਼ਾਦ ਲੜਨ ਲਈ ਤਿਆਰ ਹੋ ਚੁੱਕੇ ਹਨ। ਗੁਰਦੀਪ ਸਿੰਘ ਬਾਠ ਨੇ ਸੋਮਵਾਰ ਨੂੰ ਆਪਣੇ ਪਿੰਡ ਕੱਟੂ ਵਿਖੇ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਦੀ ਵੱਡੀ ਮੀਟਿੰਗ ਕੀਤੀ ਸੀ। ਜਿਸ ਵਿੱਚ ਉਨ੍ਹਾਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ। ਉੱਥੇ ਪਾਰਟੀ ਦੇ ਵੱਖ-ਵੱਖ ਪਿੰਡਾਂ ਦੇ ਆਗੂਆਂ ਅਤੇ ਵਰਕਰਾਂ ਨੇ ਵੀ ਉਨ੍ਹਾਂ ਨੂੰ ਚੋਣ ਲੜਨ ਲਈ ਸਾਥ ਦੇਣ ਦਾ ਵਿਸਵਾਸ਼ ਦਿੱਤਾ। ਜਿਸ ਤੋਂ ਬਾਅਦ ਗੁਰਦੀਪ ਸਿੰਘ ਬਾਠ ਨੇ ਅੱਜ ਆਪਣੇ ਅਹਿਮ ਅਹੁਦੇ ਨੂੰ ਛੱਡ ਦਿੱਤਾ ਹੈ।
ਅਕਾਲੀ ਦਲ ਵੀ ਗੁਰਦੀਪ ਸਿੰਘ ਬਾਠ ਦੇ ਹੱਕ 'ਚ
ਆਮ ਆਦਮੀ ਪਾਰਟੀ ਦੇ ਇਸ ਵਿਵਾਦ ਤੋਂ ਬਾਅਦ ਬਾਕੀ ਸਿਆਸੀ ਪਾਰਟੀਆਂ ਦੀ ਤਿੱਖੀ ਨਜ਼ਰ ਇਸ ਰੌਲੇ ਉਪਰ ਰੱਖੀ ਹੋਈ ਹੈ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਭਾਵੇਂ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਦੀ ਟਿਕਟ ਤੈਅ ਹੈ, ਪਰ ਉਹ ਕਿਸਾਨਾਂ ਦੇ ਸੰਘਰਸ਼ ਕਰਕੇ ਅਜੇ ਟਿਕਟ ਨਹੀਂ ਅਨਾਉਂਸ ਕਰ ਰਹੇ। ਜਦ ਕਿ ਕਾਂਗਰਸ ਪਾਰਟੀ ਇਸ ਵਿਵਾਦ ਨੂੰ ਦੇਖਦਿਆਂ ਹੀ ਟਿਕਟ ਦਾ ਐਲਾਨ ਕਰੇਗੀ। ਉੱਥੇ ਅਕਾਲੀ ਦਲ ਵੀ ਗੁਰਦੀਪ ਸਿੰਘ ਬਾਠ ਨਾਲ ਸੰਪਰਕ ਸਾਧ ਰਿਹਾ ਹੈ।
ਹਰਿੰਦਰ ਪਾਲ ਨੂੰ ਟਿਕਟ ਮਿਲਣ ਤੋਂ ਨਾਰਾਜ਼ ਬਾਠ
ਗੁਰਦੀਪ ਸਿੰਘ ਬਾਠ ਨੇ ਇਹ ਸਾਰਾ ਕੁਝ ਮੀਤ ਹੇਅਰ ਦੇ ਕਰੀਬੀ ਹਰਿੰਦਰ ਪਾਲ ਨੂੰ ਟਿਕਟ ਮਿਲਣ ਤੋਂ ਨਾਰਾਜ਼ ਹੋ ਕੇ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਰਨਾਲਾ ਵਿੱਚ ਪਾਰਟੀ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਸਾਥੀ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ਜਿਸਦਾ ਪਾਰਟੀ ਅੰਦਰ ਵਿਰੋਧ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਇਸ ਸੰਬੰਧੀ ਇੱਕ ਵੀਡੀਓ ਆਪਣੇ ਫ਼ੇਸਬੁੱਕ ਅਕਾਊਂਟ 'ਤੇ ਸ਼ੇਅਰ ਕਰਕੇ ਇਸਦਾ ਵਿਰੋਧ ਕੀਤਾ ਹੈ।
ਪੁਰਾਣੇ ਪਾਰਟੀ ਦੇ ਵਰਕਰਾਂ ਨੂੰ ਕੀਤਾ ਗਿਆ ਅਣਗੌਲਿਆ
ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਪਾਰਟੀ ਵੱਲੋਂ ਅੱਜ ਪਾਰਟੀ ਨੇ ਅੱਠ ਦਸ ਸਾਲ ਪੁਰਾਣੇ ਪਾਰਟੀ ਦੇ ਵਰਕਰਾਂ ਨੂੰ ਅਣਗੌਲਿਆਂ ਕਰਕੇ ਪਰਿਵਾਰਵਾਦ ਸ਼ੁਰੂ ਹੋਇਆ ਹੈ। ਦੱਸ ਦੇਈਏ ਕਿ ਬਰਨਾਲਾ ਵਿਧਾਨ ਸਭਾ ਸੀਟ ਤੋਂ ਗੁਰਦੀਪ ਸਿੰਘ ਬਾਠ ਟਿਕਟ ਦਾ ਵੱਡਾ ਦਾਅਵੇਦਾਰ ਸੀ। ਪਾਰਟੀ ਦੇ ਟਕਸਾਲੀ ਦੇ ਵਰਕਰਾਂ ਵਲੋਂ ਵੀ ਗੁਰਦੀਪ ਸਿੰਘ ਬਾਠ ਨੂੰ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਗੁਰਦੀਪ ਸਿੰਘ ਬਾਠ ਵਲੋਂ ਸੰਗਰੂਰ ਲੋਕ ਸਭਾ ਚੋਣ ਮੌਕੇ ਵੀ ਟਿਕਟ ਲਈ ਦਾਅਵੇਦਾਰੀ ਜਤਾਈ ਗਈ ਸੀ। ਪਰ ਉਸ ਵੇਲੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੂੰ ਟਿਕਟ ਦੇ ਦਿੱਤੀ ਗਈ, ਜੋ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਗਏ। ਇਸ ਤੋਂ ਬਾਅਦ ਬਰਨਾਲਾ ਵਿਧਾਨ ਸਭਾ ਦੀ ਸੀਟ ਖਾਲੀ ਹੋ ਗਈ ਸੀ। ਜਿਸ ਕਰਕੇ ਇਹ ਅੰਦਾਜ਼ਾਂ ਲਗਾਇਆ ਜਾ ਰਿਹਾ ਸੀ ਕਿ ਜ਼ਿਮਨੀ ਚੋਣਾਂ ਵਿੱਚ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਉਮੀਦਵਾਰ ਬਣਾਵੇਗੀ। ਗੁਰਦੀਪ ਬਾਠ ਵਲੋਂ ਸ਼ਰੇਆਮ ਟਿਕਟ ਦਾ ਵਿਰੋਧ ਕੀਤੇ ਜਾਣ ਨਾਲ ਆਮ ਆਦਮੀ ਪਾਰਟੀ ਹਲਕੇ ਵਿੱਚ ਦੋ ਧੜਿਆਂ ਵਿੱਚ ਵੰਡੀ ਗਈ ਹੈ। ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵਿੱਚ ਵੱਡਾ ਖਿਲਾਰਾ ਪੈਣ ਦਾ ਆਸਾਰ ਬਣ ਗਏ ਹਨ।