ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਰਾਜੋਆਣਾ ਕਲਾਂ ਵਿੱਚ ਅੱਜ ਬਲਵੰਤ ਸਿੰਘ ਰਾਜੋਆਣਾ ਦੇ ਵੱਡੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੇ ਦੇਹਾਂਤ ਤੋਂ ਬਾਅਦ ਅੰਤਿਮ ਅਰਦਾਸ ਉਪਰੰਤ ਭੋਗ ਪਾਏ ਗਏ। ਜਿਸ ਵਿੱਚ ਪੈਰੋਲ ਲੈ ਕੇ ਬਲਵੰਤ ਸਿੰਘ ਰਾਜੋਆਣਾ 30 ਸਾਲ ਬਾਅਦ ਆਪਣੇ ਜੱਦੀ ਪਿੰਡ ਪਹੁੰਚੇ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਐੱਸਜੀਪੀਸੀ ਦੇ ਪ੍ਰਧਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਹੋਰ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿਹਾ ਗਿਆ ਕਿ ਐੱਸਜੀਪੀਸੀ ਚੋਟੀ ਦੇ ਵਕੀਲਾਂ ਨੂੰ ਕਰਕੇ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਲੜ ਰਹੀ ਹੈ। ਸਿੱਖ ਕੌਮ ਨੂੰ ਰਾਜੋਆਣਾ ਉੱਤੇ ਮਾਣ ਹੈ ਜਿਨ੍ਹਾਂ ਨੇ 30 ਸਾਲ ਜੇਲ੍ਹ ਦੇ ਵਿੱਚ ਗੁਜ਼ਾਰੇ ਅਤੇ 10 ਫੁੱਟ ਦੇ ਕਮਰੇ ਵਿੱਚ ਉਹ ਚੱਕੀ ਅੰਦਰ ਬੰਦ ਹਨ। ਅੱਜ ਵੀ ਉਹਨਾਂ ਨੇ ਸਿੱਖ ਕੌਮ ਨੂੰ ਇੱਕਜੁੱਟ ਹੋਣ ਦਾ ਇਕੱਠਿਆਂ ਰਹਿਣ ਦਾ ਸੁਨੇਹਾ ਦਿੱਤਾ ਹੈ।
ਬਲਵੰਤ ਸਿੰਘ ਰਾਜੋਆਣਾ,ਬੰਦੀ ਸਿੰਘ (ETV BHARAT PUNJAB ( ਰਿਪੋਟਰ,ਲੁਧਿਆਣਾ))
ਰਾਜੋਆਣਾ ਦੀ ਅਪੀਲ
ਬਲਵੰਤ ਸਿੰਘ ਰਾਜੋਆਣਾ ਨੇ ਸਿੱਖ ਸੰਗਤ ਨੂੰ ਇਕੱਠਿਆ ਰਹਿਣ ਦੀ ਅਪੀਲ ਕੀਤੀ। ਰਾਜੋਆਣਾ ਮੁਤਾਬਿਕ ਜੇਕਰ ਅੱਜ ਸਿੱਖ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ ਤਾਂ ਇਸ ਵਿੱਚ ਖੁੱਦ ਸਿੱਖਾਂ ਦਾ ਸਭ ਤੋਂ ਵੱਡਾ ਕਸੂਰ ਹੈ ਕਿਉਂਕਿ ਲੰਮੇ ਸਮੇਂ ਤੋਂ ਸਿੱਖਾਂ ਵਿਚਾਲੇ ਆਪਸੀ ਮੱਤਭੇਦ ਰਹੇ ਹਨ। ਜਿਸ ਕਾਰਣ ਇੱਕ-ਦੂਜੇ ਨੂੰ ਥੱਲੇ ਸੁੱਟਣ ਵਿੱਚ ਰੁੱਝੇ ਰਹਿਣ ਕਰਕੇ ਅੱਜ ਬਾਹਰੀ ਸ਼ਕਤੀਆਂ ਸਿੱਖਾਂ ਨੂੰ ਆਪਣੇ ਹੇਠ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਰਾਜੋਆਣਾ ਨੇ ਆਖਿਆ ਕਿ ਹੁਣ ਆਪਸੀ ਮੱਤਭੇਦ ਛੱਡ ਕੇ ਇਕਜੁੱਟ ਹੋਕੇ ਸੰਘਰਸ਼ ਕਰਨ ਦੀ ਲੋੜ ਹੈ।
ਐੱਸਜੀਪੀਸੀ ਦੇ ਪ੍ਰਧਾਨ ਨੇ ਜਿੱਥੇ ਬਲਵੰਤ ਸਿੰਘ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਉੱਥੇ ਹੀ ਉਹਨਾਂ ਕਿਹਾ ਕਿ ਅਜਿਹੇ ਤਸੀਹੇ ਚੱਲ ਕੇ ਵੀ ਉਹ ਗੁਰੂ ਦੇ ਹੁਕਮ ਦੇ ਵਿੱਚ ਹਨ ਇਹ ਇੱਕ ਬਹੁਤ ਵੱਡੀ ਗੱਲ ਹੈ।
ਰਾਜੋਆਣਾ ਨੂੰ ਪੈਰੋਲ (ETV BHARAT PUNJAB ( ਰਿਪੋਟਰ,ਲੁਧਿਆਣਾ)) ਰਾਮ ਰਹੀਮ ਦੀ ਪੈਰੋਲ ਉੱਤੇ ਨਿਸ਼ਾਨਾ
ਇਸ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਰਾਜੋਆਣਾ ਨੇ ਜੋ ਸੁਨੇਹਾ ਦਿੱਤਾ ਹੈ ਸਭ ਨੂੰ ਮੰਨਣ ਦੀ ਲੋੜ ਹੈ। ਉਹਨਾਂ ਕਿਹਾ ਕਿ 30 ਸਾਲ ਇੱਕ ਛੋਟੀ ਜਿਹੀ ਜੇਲ੍ਹ ਦੇ ਵਿੱਚ ਰਹਿਣ ਦੇ ਬਾਵਜੂਦ ਜਿਸ ਤਰ੍ਹਾਂ ਉਹ ਲੋਕਾਂ ਨੂੰ ਮਿਲਦੇ ਅਤੇ ਸੁਨੇਹਾ ਦਿੰਦੇ ਹਨ ਉਸ ਤੋਂ ਸਪੱਸ਼ਟ ਹੈ ਕਿ ਉਹ ਲੋਕਾਂ ਦੇ ਲਈ ਖਤਰਾ ਨਹੀਂ ਸਗੋਂ ਲੋਕਾਂ ਦੇ ਲਈ ਮਸੀਹਾ ਹਨ ਜੋ ਉਨ੍ਹਾਂ ਨੂੰ ਇੱਕਜੁੱਟ ਕਰ ਰਹੇ ਹਨ। ਮਜੀਠੀਆ ਮੁਤਾਬਿਕ ਉਹ ਖੁਦ ਰਾਜੋਆਣਾ ਦੇ ਨਾਲ ਜੇਲ੍ਹ ਵਿੱਚ ਰਹੇ ਹਨ। ਸਵੇਰੇ ਉੱਠ ਕੇ ਉਹ ਨਿਤਨੇਮ ਦਾ ਪਾਠ ਕਰਦੇ ਹਨ, ਪੰਜ ਬਾਣੀਆਂ ਪੜ੍ਹਦੇ ਹਨ। ਇਸ ਦੌਰਾਨ ਉਹਨਾਂ ਨੇ ਰਾਮ ਰਹੀਮ ਉੱਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਜੇਕਰ ਉਸ ਨੂੰ ਬਾਰ-ਬਾਰ ਪੈਰੋਲ ਮਿਲ ਸਕਦੀ ਹੈ ਤਾਂ ਰਾਜੋਆਣਾ ਨੂੰ ਸਿਰਫ ਤਿੰਨ ਘੰਟੇ ਦੀ ਪੈਰੋਲ ਦੇਣ ਦਾ ਕੀ ਮਤਲਬ ਹੈ।