ਲੁਧਿਆਣਾ:ਨਗਰ ਨਿਗਮ ਚੋਣਾਂ ਨੂੰ ਲੈ ਕੇ 19 ਦਸੰਬਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਇਸ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਆਪਣੀ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸ ਵਿਚਾਲੇ ਲੁਧਿਆਣਾ ਦੇ ਵਾਰਡ ਨੰਬਰ 30 ਤੋਂ ਭਾਜਪਾ ਦੇ ਉਮੀਦਵਾਰ ਵਿੱਕੀ ਸਹੋਤਾ ਵੱਲੋਂ ਆਪਣੇ ਅਤੇ ਆਪਣੇ ਭਰਾ 'ਤੇ ਹਮਲਾ ਕਰਨ ਦੇ ਇਲਜ਼ਾਮ ਆਮ ਆਦਮੀ ਪਾਰਟੀ 'ਤੇ ਲਗਾਏ ਗਏ ਹਨ। ਉਨ੍ਹਾਂ ਆਖਿਆ ਕਿ ਪ੍ਰਚਾਰ ਦੇ ਦੌਰਾਨ ਡਾਕਟਰ ਅੰਬੇਡਕਰ ਕਲੋਨੀ ਵਾਰਡ ਨੰਬਰ 30 ਵਿੱਚ ਉਨ੍ਹਾਂ 'ਤੇ ਵਿਨੇ ਸਭਰਵਾਲ ਅਤੇ ਉਸ ਦੇ ਸਾਥੀਆਂ ਵੱਲੋਂ ਹਮਲਾ ਕੀਤਾ ਗਿਆ।
ਹਮਲੇ ਦੀ ਲਾਈਵ ਵੀਡੀਓ ਵਾਇਰਲ
ਭਾਜਪਾ ਉਮੀਦਵਾਰ ਵਿੱਕੀ ਸਹੋਤਾ ਨੇ ਕਿਹਾ ਕਿ ਹਮਲੇ ਦੀ ਲਾਈਵ ਵੀਡੀਓ ਵੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪ੍ਰਚਾਰ ਦੇ ਦੌਰਾਨ ਵੀਡੀਓ ਬਣਾ ਰਹੇ ਸਨ, ਤਾਂ ਉਸ ਵੇਲੇ ਹੀ ਇਹ ਹਮਲਾ ਹੋਇਆ ਅਤੇ ਸਾਰਾ ਘਟਨਾਕ੍ਰਮ ਲਾਈਵ ਕੈਮਰੇ ਅੰਦਰ ਕੈਦ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਦੀ ਗੱਲ ਆਖੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਧੱਕਾ ਕਰ ਰਹੇ ਹਨ।