ਓਪੀਡੀ ਸੇਵਾਵਾਂ ਬੰਦ, ਡਾਕਟਰ ਹੜਤਾਲ 'ਤੇ (ETV Bharat (ਪੱਤਰਕਾਰ,ਮਾਨਸਾ)) ਮਾਨਸਾ: ਮਾਨਸਾ ਵਿਖੇ ਵੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਬੰਦ ਕਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਸਪਤਾਲ ਦੇ ਵਿੱਚ ਦਵਾਈ ਲੈਣ ਦੇ ਲਈ ਪਹੁੰਚੇ ਮਰੀਜ਼ਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਮੰਗਾਂ ਨੂੰ ਲੈ ਕੇ ਓਪੀਡੀ ਸੇਵਾਵਾਂ ਬੰਦ ਕਰਕੇ ਕੀਤਾ ਵਿਰੋਧ ਪ੍ਰਦਰਸ਼ਨ
ਮਾਨਸਾ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਓਪੀਡੀ ਸੇਵਾਵਾਂ ਬੰਦ ਕਰਕੋ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਨੂੰ ਸਮੇਂ-ਸਮੇਂ ਟਤੇ ਮੰਗ ਪੱਤਰ ਦਿੱਤੇ ਗਏ। ਪਰ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਜਿਸ ਦੇ ਵਿਰੋਧ ਵਜੋਂ ਹੁਣ ਪੰਜਾਬ ਭਰ ਦੇ ਵਿੱਚ ਪੀਸੀਐਮਐਸ ਐਸੋਸੀਏਸ਼ਨ ਦੇ ਸੱਦੇ ਤੇ ਓਪੀਡੀ ਸੇਵਾਵਾਂ ਬੰਦ ਕਰਕੇ ਰੋਸ ਜਾਹਰ ਕੀਤਾ ਜਾ ਰਿਹਾ ਹੈ।
'ਸਿਹਤ ਵਿਭਾਗ ਦੇ ਵਿੱਚ ਕੀਤੀਆਂ ਜਾਣ ਪੱਕੀਆਂ ਭਰਤੀਆਂ'
ਡਾਕਟਰ ਗੁਰਜੀਵਨ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਦੀਆਂ ਮੰਗਾਂ ਹਨ ਕਿ ਪੁਰਾਣੇ ਲੋਕ ਵਿਰੋਧੀ ਫੈਸਲੇ ਵਾਪਸ ਲਏ ਜਾਣ ਸਿਹਤ ਕਰਮਚਾਰੀਆਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇ। ਕਿਉਂਕਿ ਹਸਪਤਾਲਾਂ ਦੇ ਵਿੱਚ ਸਿਹਤ ਕਰਮੀਆਂ ਦੀ ਕੋਈ ਵੀ ਸੁਰੱਖਿਆ ਨਹੀਂ ਹੈ। ਸਿਹਤ ਵਿਭਾਗ ਦੇ ਵਿੱਚ ਪੱਕੀਆਂ ਭਰਤੀਆਂ ਕੀਤੀਆਂ ਜਾਣ ਅਤੇ ਸਰਕਾਰੀ ਡਾਕਟਰਾਂ ਦੀਆਂ ਤਰੱਕੀਆਂ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਜਲਦ ਹੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਸੋਸੀਏਸ਼ਨ ਵੱਲੋਂ ਲਏ ਗਏ ਸੱਦੇ ਤਹਿਤ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ।
ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜ਼ਾ ਨੂੰ ਹੋ ਰਹੀ ਖੱਜਲ-ਖੁਆਰੀ
ਸਿਵਲ ਹਸਪਤਾਲ ਦੇ ਵਿੱਚ ਦਵਾਈ ਲੈਣ ਦੇ ਲਈ ਪਹੁੰਚੇ ਮਰੀਜ਼ਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਦਵਾਈ ਲੈਣ ਲਈ ਪਹੁੰਚੇ ਸਨ। ਪਰ ਡਾਕਟਰਾਂ ਦੀ ਹੜਤਾਲ ਦੇ ਕਾਰਨ ਉਨ੍ਹਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨਾ ਮਰੀਜ਼ਾਂ ਦੀ ਹਸਪਤਾਲ ਵਿੱਚੋਂ ਪੱਕੇ ਤੌਰ 'ਤੇ ਦਵਾਈ ਚੱਲਦੀ ਹੈ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਅੱਜ ਇਹ ਸਮਿਆਂ 'ਤੇ ਮਰੀਜ਼ਾਂ ਨੂੰ ਦਵਾਈ ਦਾ ਵੱਖਰੇ ਤੌਰ 'ਤੇ ਪ੍ਰਬੰਧ ਕਰਨਾ ਚਾਹੀਦਾ ਹੈ।