ਅੰਮ੍ਰਿਤਸਰ:ਬੀਤੇ ਮਹੀਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਹੁਣ ਬੀਤੇ ਦਿਨੀ ਪੰਜਾਬ ਭਰ ਦੇ ਪਿੰਡਾਂ ਦੇ ਵਿੱਚੋਂ ਚੁਣੇ ਗਏ ਸਰਪੰਚਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਕੈਬਨਿਟ ਮੰਤਰੀਆਂ ਵੱਲੋਂ ਸਹੁੰ ਚੁੱਕਵਾਈ ਗਈ ਸੀ। ਜਿਸ ਤੋਂ ਬਾਅਦ ਸਰਪੰਚਾਂ ਵੱਲੋਂ ਪਿੰਡ ਨੂੰ ਵਿਕਾਸ ਕਾਰਜਾਂ ਨੂੰ ਲੈ ਕੇ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ।
ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ (ETV Bharat (ਅੰਮ੍ਰਿਤਸਰ, ਪੱਤਰਕਾਰ)) ਗਲੀ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ
ਦੱਸ ਦੇਈਏ ਕਿ ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਬਲਾਕ ਰਈਆ ਅਧੀਨ ਪੈਂਦੇ ਪਿੰਡ ਛਾਪਿਆਂਵਾਲੀ ਦੀ ਸਰਪੰਚ ਬੀਬੀ ਅਮਨਜੀਤ ਕੌਰ ਸੁਪਤਨੀ ਜੋਧਬੀਰ ਸਿੰਘ ਜੋਧਾ ਵੱਲੋਂ ਚੋਣਾਂ ਤੋਂ ਪਹਿਲਾਂ ਪਿੰਡ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਅਨੁਸਾਰ ਪਿੰਡ ਦੀ ਪਹਿਲੀ ਗਲੀ ਦੇ ਨਿਰਮਾਣ ਕਾਰਜਾਂ ਦੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਵਾਉਣ ਤੋਂ ਉਪਰੰਤ ਉਨ੍ਹਾਂ ਵੱਲੋਂ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਵਾ ਦਿੱਤੀ ਗਈ ਹੈ।
ਪਹਿਲਾ ਵਿਕਾਸ ਕਾਰਜ ਕਰਵਾਇਆ ਸ਼ੁਰੂ
ਦੱਸ ਦੇਈਏ ਕਿ ਇਸ ਦੌਰਾਨ ਗੱਲਬਾਤ ਕਰਦੇ ਹੋਏ ਯੋਧਬੀਰ ਸਿੰਘ ਯੋਧਾ ਨੇ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਇਸ ਗਲੀ ਦੀ ਬੇਹੱਦ ਬੱਤਰ ਹਾਲਤ ਕਾਰਨ ਜੇਕਰ ਉਹ ਸਰਪੰਚ ਬਣਦੇ ਹਨ ਤਾਂ ਪਹਿਲ ਦੇ ਆਧਾਰ ਦੇ ਉੱਤੇ ਇਸ ਗਲੀ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਜਾਣਗੇ। ਜਿਸ ਦੇ ਤਹਿਤ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਵੱਲੋਂ ਹੁਣ ਪਹਿਲ ਦੇ ਆਧਾਰ ਉੱਤੇ ਪਿੰਡ ਦੇ ਵਿੱਚ ਪਹਿਲਾ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ ਹੈ।
ਸਾਰੇ ਵਾਅਦੇ ਕੀਤੇ ਜਾਣਗੇ ਪੂਰੇ
ਯੋਧਬੀਰ ਸਿੰਘ ਯੋਧਾ ਨੇ ਕਿਹਾ ਕਿ ਲੋਕਾਂ ਦੇ ਨਾਲ ਕੀਤੇ ਗਏ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾਣਗੇ ਅਤੇ ਕੁਝ ਹੀ ਮਹੀਨਿਆਂ ਦੇ ਅੰਦਰ ਅੰਦਰ ਪਹਿਲਾਂ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਨਿਰਮਾਣ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪਿੰਡ ਦੇ ਨਾਮ ਨੂੰ ਪੰਜਾਬ ਦੇ ਮੋਹਰੀ ਵਿਕਾਸਸ਼ੀਲ ਪਿੰਡਾਂ ਦੇ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਪਿੰਡ ਦੇ ਵਿੱਚ ਪੰਜਾਬ ਸਰਕਾਰ ਵਲੋਂ ਖਾਸ ਪ੍ਰੋਜੈਕਟ ਲਿਆਉਣ ਦੀ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਨਾਲ ਸਬੰਧਿਤ ਸੱਤ ਦੇ ਸੱਤ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਦੇ ਬਣੇ ਹਨ ਅਤੇ ਪਿੰਡ ਵੱਲੋਂ ਚੋਣਾਂ ਦੌਰਾਨ ਖੁੱਲ ਕੇ ਉਨ੍ਹਾਂ ਨੂੰ ਸਮਰਥਨ ਦੇ ਕੇ ਚੁਣਿਆ ਗਿਆ ਹੈ। ਜਿਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਪਿੰਡ ਵਾਸੀਆਂ ਦੀਆਂ ਆਸਾਂ ਦੇ ਉੱਤੇ ਖਰੇ ਉਤਰਨ ਦੇ ਲਈ ਉਹ ਪਿੰਡ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਲਟਕੇ ਹੋਏ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨਗੇ।