ਕੌਮੀ ਕਿੱਕ ਬਾਕਸਿੰਗ ਦੀ ਚੈਂਪੀਅਨ ਅਨੂਰੀਤ ਕੌਰ (ETV Bharat (ਰਿਪਰੋਟ - ਪੱਤਰਕਾਰ, ਬਰਨਾਲਾ)) ਬਰਨਾਲਾ :ਸਮਾਜ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਕੱਲ ਮਾਪੇ ਕੁੜੀ ਜੰਮ੍ਹਣ ਤੋਂ ਡਰਦੇ ਹਨ, ਪਰ ਕੁਝ ਕੁੜੀਆਂ ਅਜਿਹੀਆਂ ਹੁੰਦੀਆਂ ਹਨ, ਜੋ ਆਪਣੀ ਤਾਂ ਜ਼ਿੰਦਗੀ ਸੁਧਾਰਦੀਆਂ ਹੀ ਹਨ, ਨਾਲ ਆਪਣੇ ਮਾਤਾ -ਪਿਤਾ ਦੀ ਜ਼ਿੰਦਗੀ ਵੀ ਸੁਧਾਰ ਦਿੰਦੀਆਂ ਹਨ, ਉਹ ਕੁੱਝ ਅਜਿਹਾ ਕਰਦੀਆਂ ਹਨ, ਜਿਸ ਨਾਲ ਉਹਨਾਂ ਦੇ ਮਾਤਾ ਪਿਤਾ ਦਾ ਸਿਰ ਮਾਣ ਉੱਚਾ ਹੁੰਦਾ ਹੈ ਅਤੇ ਦੂਸਰਿਆਂ ਲਈ ਵੀ ਉਦਾਹਰਣ ਬਣਦੀਆਂ ਹਨ। ਅਜਿਹੀ ਹੀ ਇੱਕ ਮਿਸਾਲ ਸ਼ਹਿਰ ਬਰਨਾਲਾ ਦੀ ਰਹਿਣ ਵਾਲੀ ਮਹਿਜ਼ 16 ਸਾਲ ਦੀ ਕੁੜੀ ਨੇ ਕਾਇਮ ਕੀਤੀ ਹੈ, ਜਿਸ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਬਿਨ੍ਹਾਂ ਕਿਸੇ ਸਰਕਾਰੀ ਮਦਦ ਅਤੇ ਖੇਡ ਮੈਦਾਨ ਤੋਂ ਬਰਨਾਲਾ ਦੀ ਅਨੂਰੀਤ ਕੌਰ ਨੇ ਕੌਮੀ ਮੁਕਾਬਲਿਆਂ ਵਿੱਚ ਝੰਡੀ ਗੱਡੀ ਹੈ। ਅਨੂਰੀਤ ਪੱਛਮੀ ਬੰਗਾਲ ਵਿਖੇ ਹੋਏ ਕਿੱਕ ਬਾਕਸਿੰਗ ਦੇ ਜੂਨੀਅਰ ਰਾਸ਼ਟਰੀ ਖੇਡ ਮੁਕਾਬਲੇ ਦੀ ਲਗਾਤਾਰ ਦੂਜੇ ਸਾਲ ਗੋਲਡ ਮੈਡਲ ਜੇਤੂ ਰਹੀ ਹੈ। ਬਗ਼ੈਰ ਸਰਕਾਰੀ ਮੱਦਦ ਤੋਂ ਅੰਤਰਰਾਸ਼ਟਰੀ ਪੱਧਰ ’ਤੇ ਖੇਡਣਾ 16 ਸਾਲਾਂ ਦੀ ਅਨੂਰੀਤ ਨੂੰ ਅਧੂਰਾ ਸੁਪਨਾ ਜਾਪ ਰਿਹਾ ਹੈ।
ਸਰਕਾਰ ਨੇ ਕੋਚ ਤਾਂ ਦਿੱਤਾ, ਪਰ ਖੇਡਣ ਲਈ ਮੈਦਾਨ ਨਹੀਂ : ਅਨੂਰੀਤ ਨੇ ਦੱਸਿਆ ਕਿ ਉਹ ਲਗਾਤਾਰ ਤਿੰਨ ਸਾਲ ਤੋਂ ਕਿੱਕ ਬਾਕਸਿੰਗ ਖੇਡ ਰਹੀ ਹੈ। ਉਹ ਲਗਾਤਾਰ ਦੋ ਸਾਲਾਂ ਤੋਂ ਕੌਮੀ ਜੇਤੂ ਰਹੀ ਅਤੇ ਇੱਕ ਵਾਰ ਸਿਲਵਰ ਮੈਡਲ ਜਿੱਤਿਆ ਹੈ। ਉਸਨੂੰ ਆਪਣੀ ਇਸ ਪ੍ਰਾਪਤੀ ਦੀ ਬਹੁਤ ਖੁਸ਼ੀ ਹੈ। ਉਹਨਾਂ ਸਰਕਾਰ ਜਾਂ ਪ੍ਰਸ਼ਾਸ਼ਨ ਦੇ ਕਿਸੇ ਨੁਮਾਇੰਦੇ ਵਲੋਂ ਉਸਦੇ ਸਵਾਗਤ ਲਈ ਨਾ ਪੁੱਜਣ ’ਤੇ ਨਰਾਜ਼ਗੀ ਜ਼ਾਹਰ ਕੀਤੀ। ਅਨੂਰੀਤ ਨੇ ਦੱਸਿਆ ਕਿ ਉਸਦੀ ਹੁਣ ਤੱਕ ਦੀ ਖੇਡ ਵਿੱਚ ਸਿਰਫ਼ ਪਰਿਵਾਰ ਹੀ ਉਪਰਾਲੇ ਕਰ ਰਿਹਾ ਹੇ। ਜਦਕਿ ਸਰਕਾਰ ਜਾਂ ਪ੍ਰਸ਼ਾਸ਼ਨ ਵਲੋਂ ਕੋਈ ਮੱਦਦ ਨਹੀਂ ਕੀਤੀ ਗਈ। ਕਈ ਵਾਰ ਸਰਕਾਰ ਤੋਂ ਕਿੱਕ ਬਾਕਸਿੰਗ ਦਾ ਖੇਡ ਮੈਦਾਨ ਬਣਾਏ ਜਾਣ ਦੀ ਮੰਗ ਵੀ ਕੀਤੀ, ਪਰ ਉਹ ਪੂਰੀ ਨਹੀਂ ਹੋ ਸਕੀ। ਸਰਕਾਰ ਵੱਲੋਂ ਕੋਚ ਤਾਂ ਦਿੱਤਾ ਗਿਆ ਹੈ ਪਰ ਬਿਨ੍ਹਾਂ ਮੈਦਾਨ ਦੇ ਖੇਡ ਅਧੂਰੀ ਹੈ। ਉਸਦਾ ਸੁਪਨਾ ਅੰਤਰਰਾਸ਼ਟਰੀ ਪੱਧਰ ’ਤੇ ਮਾਪਿਆਂ ਆਪਣੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦਾ ਹੈ। ਉਹਨਾਂ ਸਰਕਾਰ ਤੋਂ ਮੈਦਾਨ ਅਤੇ ਕਿੱਕ ਬਾਕਸਿੰਗ ਲਈ ਕਿੱਟਾਂ ਵਗੈਰਾ ਦੀ ਮੱਦਦ ਦੀ ਮੰਗ ਕੀਤੀ।
ਸਰਕਾਰ ਅੱਗੇ ਮਦਦ ਦੀ ਲਾਈ ਗੁਹਾਰ : ਖਿਡਾਰਨ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਕੌਮੀ ਪੱਧਰ ’ਤੇ ਗੋਲਡ ਮੈਡਲ ਜੇਤੂ ਖਿਡਾਰੀ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਗ ਲੈ ਸਕਦਾ ਹੈ। ਉਹ ਛੋਟੀ ਕਿਸਾਨੀ ਨਾਲ ਸਬੰਧਤ ਹਨ। ਪਿਛਲੇ ਵਰ੍ਹੇ ਵੀ ਮਾੜੇ ਆਰਥਿਕ ਹਾਲਾਤ ਕਾਰਨ ਬੱਚੀ ਨੂੰ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਨਹੀਂ ਭੇਜ ਸਕੇ। ਇਸ ਲਈ 3 ਤੋਂ 5 ਲੱਖ ਤੱਕ ਦਾ ਖ਼ਰਚਾ ਆਉਣ ਦੀ ਸੰਭਾਵਨਾ ਹੈ ਜੋ ਸਾਡੇ ਪਰਿਵਾਰ ਦੇ ਵੱਸ ਦੀ ਗੱਲ ਨਹੀਂ। ਜਿਸ ਕਰਕੇ ਸੂਬਾ ਸਰਕਾਰ ਆਪਣੀ ਖੇਡ ਨੀਤੀ ਤਹਿਤ ਮੇਰੀ ਧੀ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਜਾਣ ਲਈ ਮਦਦ ਕਰੇ।