ਅੰਤਰਰਾਸ਼ਟਰੀ ਨਸ਼ਾ ਤਸਕਰ ਕਾਬੂ ਅੰਮ੍ਰਿਤਸਰ : ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ 'ਤੇ ਠੱਲ ਪਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ, ਤਾਂ ਜੋ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਹੋ ਰਹੀ ਨਸ਼ੇ ਦੀ ਸਪਲਾਈ ਨੂੰ ਰੋਕਿਆ ਜਾ ਸਕੇ। ਇਸ ਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਹੱਥ ਵੱਡੀ ਸਫ਼ਲਤਾ ਸਫ਼ਲਤਾ ਲੱਗੀ ਹੈ। ਜਿਸ 'ਚ ਉਨ੍ਹਾਂ ਵਲੋਂ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਨੇ 2 ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ 4 ਕਿਲੋ ਹੈਰੋਇਨ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਤਸਕਰ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਲਿਆਉਂਦੇ ਸਨ। ਦੋਵੇਂ ਮੁਲਜ਼ਮ ਤਰਨਤਾਰਨ ਦੇ ਰਹਿਣ ਵਾਲੇ ਹਨ। ਇੰਨ੍ਹਾਂ ਦੋਵਾਂ ਦੀ ਉਮਰ 23 ਤੋਂ 24 ਸਾਲ ਦੇ ਕਰੀਬ ਹੈ।
ਪਾਕਿਸਤਾਨੀ ਡਰੋਨ ਰਾਹੀਂ ਮੰਗਵਾਉਂਦੇ ਸੀ ਨਸ਼ਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਅਕਾਸ਼ਦੀਪ ਉਮਰ 24 ਸਾਲ ਅਤੇ ਕੁਲਜੀਤ ਗੋਰਾ ਉਮਰ 23 ਸਾਲ, ਤਰਨਤਾਰਨ ਦੇ ਰਹਿਣ ਵਾਲੇ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਕੇਸ ਦਰਜ ਹਨ। ਇਹ ਅਕਸਰ ਪਾਕਿਸਤਾਨੀ ਡਰੋਨ ਰਾਹੀਂ ਨਸ਼ਾ ਮੰਗਵਾਉਂਦੇ ਸਨ। ਉਨ੍ਹਾਂ ਦੱਸਿਆ ਕਿ 2019 ਵਿੱਚ 532 ਕਿਲੋ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਗੁਰਪ੍ਰੀਤ ਸਿੰਘ ਗੋਪਾ ਦਾ ਸਾਥੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਰਾਏ ‘ਤੇ ਮਕਾਨ ਲੈ ਕੇ ਇਹ ਨਸ਼ਾ ਤਸਕਰੀ ਦਾ ਧੰਦਾ ਕਰਦੇ ਸਨ। ਪਿਛਲੇ ਕਰੀਬ 4 ਮਹੀਨਿਆਂ ਤੋਂ ਨਸ਼ਾ ਤਸਕਰੀ ਦੇ ਧੰਦੇ ‘ਚ ਸਰਗਰਮ ਸੀ।
ਮੁਲਜ਼ਮ ਲੋੜੀਂਦੇ ਨਸ਼ਾ ਤਸਕਰ ਗੁਰਪ੍ਰੀਤ ਉਰਫ਼ ਗੋਪਾ ਦੇ ਨਜ਼ਦੀਕੀ:ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਸਿੱਧੇ ਤੌਰ ‘ਤੇ ਪਾਕਿਸਤਾਨ ਦੇ ਸਮੱਗਲਰਾਂ ਦੇ ਸੰਪਰਕ ‘ਚ ਸਨ ਅਤੇ ਤਰਨਤਾਰਨ ਖੇਤਰ ‘ਚ ਅੰਤਰਰਾਸ਼ਟਰੀ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੇ ਦੀ ਖੇਪ ਲਗਾਤਾਰ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਬਦਨਾਮ ਨਸ਼ਾ ਤਸਕਰ ਗੁਰਪ੍ਰੀਤ ਉਰਫ਼ ਗੋਪਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ, ਜੋ ਕਿ 2019 ਵਿੱਚ ਅੰਮ੍ਰਿਤਸਰ ਦਿਹਾਤੀ ਦੇ ਅਟਾਰੀ ਸਥਿਤ ਅੰਤਰਰਾਸ਼ਟਰੀ ਚੈਕ ਪੋਸਟ ਤੋਂ ਬਰਾਮਦ ਕੀਤੀ ਗਈ 532 ਕਿਲੋ ਹੈਰੋਇਨ ਸਮੇਤ ਕਈ ਨਸ਼ਿਆਂ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਜਿਸ ਨੂੰ ਸਰਾਏ ਅਮਾਨਤ ਖਾਂ ਦੇ ਰਣਜੀਤ ਸਿੰਘ ਉਰਫ਼ ਚੀਤਾ ਨੇ ਸੰਭਾਲਿਆ ਸੀ।
ਰਿਮਾਂਡ 'ਤੇ ਲੈਕੇ ਲਿੰਕ ਖੰਗਾਲਣ ਦੀ ਕੋਸ਼ਿਸ਼:ਇਸ ਮਾਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਕੀਤੀ ਜਾ ਰਹੀ ਹੈ, ਜਿਸ ਨੇ ਗੋਪਾ ਦੇ ਪਿਤਾ ਜਸਬੀਰ ਸਿੰਘ (ਜ਼ਮਾਨਤ ‘ਤੇ) ਅਤੇ ਭਰਾ ਹਰਪ੍ਰੀਤ ਉਰਫ਼ ਹੈਪੀ (ਭਗੌੜੇ) ਨੂੰ ਵੀ ਇਸ 532 ਕਿਲੋ ਹੈਰੋਇਨ ਦੇ ਮਾਮਲੇ ‘ਚ ਸਹਿ-ਦੋਸ਼ੀ ਵਜ਼ੋ ਨਾਮਜ਼ਦ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਹੋਰ ਜਾਂਚਾਂ ਜਾਰੀ ਹਨ ਤੇ ਚੱਲ ਰਹੇ ਅਪਰੇਸ਼ਨਾਂ ਅਤੇ ਜਾਂਚਾਂ ਦੌਰਾਨ ਹੋਰ ਬਰਾਮਦਗੀ ਅਤੇ ਗ੍ਰਿਫਤਾਰੀਆਂ ਦੀ ਉਮੀਦ ਹੈ। ਪੁਲਿਸ ਇਸ ਮੋਡਿਊਲ ਵਿੱਚ ਸ਼ਾਮਲ ਸਰਹੱਦ ਪਾਰ ਅਤੇ ਭਾਰਤੀ ਸਹਿਯੋਗੀਆਂ ਦੀ ਵੀ ਜਾਂਚ ਕਰੇਗੀ।