ਪੰਜਾਬ

punjab

ETV Bharat / state

ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦਾ ਮਾਮਲਾ: ਨਰਾਇਣ ਸਿੰਘ ਚੌੜਾ ਦਾ ਪੁਲਿਸ ਨੂੰ ਮੁੜ ਮਿਲਿਆ ਰਿਮਾਂਡ - NARAYAN SINGH CHAUDA

ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਦਾ ਪੁਲਿਸ ਨੂੰ ਮੁੜ ਤੋਂ ਦੋ ਦਿਨਾਂ ਰਿਮਾਂਡ ਮਿਲਿਆ ਹੈ। ਪੜ੍ਹੋ ਖ਼ਬਰ...

ਨਰਾਇਣ ਸਿੰਘ ਚੌੜਾ ਦਾ ਫਿਰ ਮਿਲਿਆ ਰਿਮਾਂਡ
ਨਰਾਇਣ ਸਿੰਘ ਚੌੜਾ ਦਾ ਫਿਰ ਮਿਲਿਆ ਰਿਮਾਂਡ (ETV BHARAT ਪੱਤਰਕਾਰ ਅੰਮ੍ਰਿਤਸਰ)

By ETV Bharat Punjabi Team

Published : Dec 14, 2024, 9:46 PM IST

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਣ ਤੋਂ ਬਾਅਦ ਧਾਰਮਿਕ ਸਜ਼ਾ ਲਗਾਈ ਗਈ ਸੀ। ਇਸ ਦੌਰਾਨ ਸੁਖਬੀਰ ਬਾਦਲ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਇਹ ਗੋਲੀ ਸਾਬਕਾ ਖਾੜਕੂ ਨਰਾਇਣ ਸਿੰਘ ਚੌੜਾ ਵਲੋਂ ਚਲਾਈ ਜਾਂਦੀ ਹੈ। ਜਿੰਨ੍ਹਾਂ ਦਾ ਪੁਲਿਸ ਨੂੰ ਅੱਜ ਫਿਰ ਤੋਂ ਦੋ ਦਿਨਾਂ ਰਿਮਾਂਡ ਮਿਲਿਆ ਹੈ।

ਨਰਾਇਣ ਸਿੰਘ ਚੌੜਾ ਦਾ ਫਿਰ ਮਿਲਿਆ ਰਿਮਾਂਡ (ETV BHARAT ਪੱਤਰਕਾਰ ਅੰਮ੍ਰਿਤਸਰ)

ਪੁਲਿਸ ਨੂੰ ਮਿਲਿਆ ਦੋ ਦਿਨਾਂ ਰਿਮਾਂਡ

ਦੱਸ ਦੇਈਏ ਕਿ ਨਰਾਇਣ ਸਿੰਘ ਚੌੜਾ ਦਾ ਅੰਮ੍ਰਿਤਸਰ ਪੁਲਿਸ 3-3 ਦਿਨਾਂ ਦਾ 3 ਵਾਰ ਰਿਮਾਂਡ ਲੈ ਚੁੱਕੀ ਹੈ। ਜਿਸ ਤੋਂ ਬਾਅਦ ਅੱਜ ਮੁੜ ਦੋ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ, ਜਦਕਿ ਪੁਲਿਸ ਨੇ ਪੰਜ ਦਿਨ ਦੀ ਮੰਗ ਕੀਤੀ ਸੀ। ਕਾਬਿਲੇਗੌਰ ਹੈ ਕਿ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਪੁਲਿਸ ਨੇ ਅੱਜ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਨਰਾਇਣ ਸਿੰਘ ਚੌੜਾ ਨੂੰ 16 ਦਸੰਬਰ ਤੱਕ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦੇ ਚੱਲਦੇ ਸੋਮਵਾਰ ਨੂੰ ਮੁੜ ਤੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੁਲਿਸ ਨੇ ਅਦਾਲਤ 'ਚ ਰੱਖੇ ਇਹ ਦੋ ਨਵੇਂ ਪੱਖ

ਇਸ ਮੌਕੇ ਨਰਾਇਣ ਸਿੰਘ ਚੌੜਾ ਦੇ ਵਕੀਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਤੇ ਉਨ੍ਹਾਂ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ 2 ਤੇ 4 ਦਸੰਬਰ ਦੀ ਸੀਸੀਟੀਵੀ ਫੁਟੇਜ ਸ਼੍ਰੋਮਣੀ ਕਮੇਟੀ ਵਲੋਂ ਨਾ ਦੇਣ ਦੀ ਗੱਲ ਆਖੀ ਗਈ ਹੈ, ਜਦਕਿ ਸ਼੍ਰੋਮਣੀ ਕਮੇਟੀ ਸੀਸੀਟੀਵੀ ਫੁਟੇਜ ਦੇਣ ਦੀ ਜਾਣਕਾਰੀ ਮੀਡੀਆ 'ਚ ਨਸ਼ਰ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੂਜਾ ਇਸ ਮਾਮਲੇ 'ਚ ਪੁਲਿਸ ਨੇ ਧਰਮ ਸਿੰਘ ਨੂੰ ਨਾਮਜ਼ਦ ਕੀਤਾ ਹੈ। ਜਿਸ ਦੇ ਚੱਲਦੇ ਪੁਲਿਸ ਦਾ ਕਹਿਣਾ ਸੀ ਕਿ ਸੀਸੀਟੀਵੀ ਤੋਂ ਜਾਂਚ ਕੀਤੀ ਜਾਵੇਗੀ ਤੇ ਧਰਮ ਸਿੰਘ ਅਤੇ ਨਰਾਇਣ ਸਿੰਘ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾਵੇਗੀ।

ਵਕੀਲ ਨੇ ਪੁਲਿਸ ਕਾਰਵਾਈ 'ਤੇ ਚੁੱਕੇ ਸਵਾਲ

ਉਨ੍ਹਾਂ ਕਿਹਾ ਕਿ ਇੰਨ੍ਹਾਂ ਦੋ ਗੱਲਾਂ ਦੇ ਚੱਲਦੇ ਪੁਲਿਸ ਨੇ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ, ਜੋ ਅਦਾਲਤ ਵਲੋਂ ਦੋ ਦਿਨ ਦਾ ਦਿੱਤਾ ਗਿਆ ਹੈ। ਵਕੀਲ ਦਾ ਕਹਿਣਾ ਕਿ ਧਰਮ ਸਿੰਘ ਨੂੰ ਤਾਂ ਪੁਲਿਸ ਪਤਾ ਨਹੀਂ ਕਦੋਂ ਗ੍ਰਿਫ਼ਤਾਰ ਕਰੇਗੀ, ਇਸ ਲਈ ਕੀ ਪੁਲਿਸ ਉਦੋਂ ਤੱਕ ਨਰਾਇਣ ਸਿੰਘ ਦਾ ਰਿਮਾਂਡ ਲੈਂਦੀ ਰਹੇਗੀ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਨਰਾਇਣ ਸਿੰਘ ਚੌੜਾ ਨੂੰ ਸੋਮਵਾਰ 16 ਦਸੰਬਰ ਨੂੰ ਮੁੜ ਤੋਂ ਅਦਾਲਤ 'ਚ ਪੇਸ਼ ਕਰੇਗੀ।

ਪੁਲਿਸ ਨੇ ਆਖੀ ਜਾਂਚ ਦੀ ਗੱਲ

ਇਸ ਮੌਕੇ ਏਸੀਪੀ ਪੁਲਿਸ ਜਸਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਨਰਾਇਣ ਸਿੰਘ ਚੌੜਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ, ਜਿਸ ਦੇ ਚੱਲਦੇ ਮਾਨਯੋਗ ਅਦਾਲਤ ਵੱਲੋਂ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਫਿਲਹਾਲ ਜਾਂਚ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਉਹ ਮੀਡੀਆ ਨੂੰ ਸਾਰੀ ਜਾਣਕਾਰੀ ਦੇ ਸਕਦੇ ਹਨ।

ABOUT THE AUTHOR

...view details