ਅੰਮ੍ਰਿਤਸਰ:ਅੰਮ੍ਰਿਤਸਰ 'ਚ ਗਣਤੰਤਰ ਦਿਵਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ ਦੇ ਵਿਰੋਧ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਬੰਦ ਦੀ ਕਾਲ ਵੀ ਦਿੱਤੀ ਗਈ ਸੀ। ਕਾਂਗਰਸ ਕਮੇਟੀ ਦੇ ਮੈਂਬਰ ਅੰਮ੍ਰਿਤਸਰ ਪਹੁੰਚੇ, ਜਿਨ੍ਹਾਂ ਨੇ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਉੱਤੇ ਮਾਮਲਾ ਹੋਵੇ ਦਰਜ (Etv Bharat) ‘ਮੁੱਖ ਮੰਤਰੀ ਭਗਵੰਤ ਮਾਨ ਉੱਤੇ ਮਾਮਲਾ ਹੋਵੇ ਦਰਜ’
ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਅਸੀਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਕੋਲ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ ਸ਼ਾਂਤੀ ਦੇ ਨਾਅਰੇ ਨਾਲ ਆਈ ਸੀ, ਪਰ ਅੱਜ ਏਜੰਸੀਆਂ ਦੇ ਇਸ਼ਾਰੇ ਉੱਤੇ ਪੰਜਾਬ ਵਿੱਚ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਇਸ ਲਈ ਖਰਾਬ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦਾ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ।
ਕੋਟਲੀ ਨੇ ਕਿਹਾ ਕਿ ਇਹ ਘਟਨਾ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਉੱਤੇ ਹੋਈ ਹੈ ਜੋ ਕਿ ਇੱਕ ਸਾਜ਼ਿਸ਼ ਤਹਿਤ ਅੰਜ਼ਾਮ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਜੋ ਬਰਗਾੜੀ ਅਤੇ ਬਹਿਬਲ ਕਲਾ ਘਟਨਾ ਵਾਪਰੀ ਉਸ ਲਈ ਮੌਕੇ ਦੀ ਸਰਕਾਰ ਜ਼ਿੰਮੇਵਾਰ ਹੈ ਅਤੇ ਮੌਕੇ ਦੀ ਸਰਕਾਰ ਉੱਤੇ ਮਾਮਲਾ ਦਰਜ ਹੋਵੇ। ਹੁਣ ਮੈਂ ਇੱਕ ਵਿਧਾਇਕ ਅਤੇ ਕਾਂਗਰਸੀ ਆਗੂ ਹੋਣ ਦੇ ਨਾਅਤੇ ਮੰਗ ਕਰਦਾ ਹੈ ਕਿ ਜੋ ਇਹ ਘਟਨਾ ਵਾਪਰੀ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।
26 ਜਨਵਰੀ ਦੀ ਹੈ ਘਟਨਾ
ਗਣਤੰਤਰ ਦਿਵਸ ਮੌਕੇ 26 ਜਨਵਰੀ ਦੀ ਸ਼ਾਮ ਨੂੰ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ 'ਤੇ ਅੰਬੇਡਕਰ ਦੇ ਬੁੱਤ ਹੇਠਾਂ ਪੱਥਰ ਨਾਲ ਬਣੀ ਸੰਵਿਧਾਨ ਦੀ ਕਿਤਾਬ ਨੂੰ ਇੱਕ ਨੌਜਵਾਨ ਨੇ ਅੱਗ ਲਾ ਦਿੱਤੀ। ਇਸ ਤੋਂ ਬਾਅਦ ਹਥੌੜਾ ਲੈ ਕੇ ਨੌਜਵਾਨ ਪੌੜੀ ਦੀ ਮਦਦ ਨਾਲ ਮੂਰਤੀ 'ਤੇ ਚੜ੍ਹ ਗਿਆ ਅਤੇ ਬੁੱਤ 'ਤੇ 8 ਵਾਰ ਹਮਲਾ ਕੀਤਾ। ਜਦੋਂ ਉੱਥੇ ਮੌਜੂਦ ਪ੍ਰਾਈਵੇਟ ਸੁਰੱਖਿਆ ਨੇ ਨੌਜਵਾਨ ਨੂੰ ਹੇਠਾਂ ਉਤਰਨ ਲਈ ਕਿਹਾ ਤਾਂ ਉਹ ਬਹਿਸ ਕਰਨ ਲੱਗਾ। ਫਿਰ ਕਿਸੇ ਤਰ੍ਹਾਂ ਉਹ ਮੰਨ ਗਿਆ। ਹੇਠਾਂ 2 ਸੁਰੱਖਿਆ ਗਾਰਡਾਂ ਨੇ ਉਸ ਨੂੰ ਫੜ ਲਿਆ।