ਅੰਮ੍ਰਿਤਪਾਲ ਦੀ ਸਿਆਸਤ 'ਚ ਐਂਟਰੀ, ਕਿਸ ਸੀਟ ਤੋਂ ਲੜਨਗੇ ਚੋਣ, ਪੜ੍ਹੋ ਪੂਰੀ ਖ਼ਬਰ ਬਰਨਾਲਾ: ਪੰਜਾਬ ਦੀਆਂ ਲੋਕ ਸਭਾ ਚੋਣਾਂ 2024 ਬਹੁਤ ਹੀ ਦਿਲਚਸਪ ਹੋਣ ਵਾਲੀਆਂ ਨੇ..ਇਸ ਦੇ ਬਹੁਤ ਸਾਰੇ ਕਾਰਨ ਹਨ।ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ-ਇੱਕ ਸੀਟ ਨੂੰ ਜਿੱਤਣ ਲਈ ਪੂਰੀ ਵਾਹ ਲਗਾ ਰਹੀਆਂ ਨੇ, ਉੱਥੇ ਹੀ ਹੁਣ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ 'ਚ ਉਤਰ ਆਏ ਹਨ। ਐੱਨ.ਆਈ.ਏ. ਦੇ ਇਲਜ਼ਾਮਾਂ 'ਚ ਡਿਬਰੂਗੜ੍ਹ ਜੇਲ 'ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ।
ਅੰਮ੍ਰਿਤਪਾਲ ਦੀ ਸਿਆਸਤ 'ਚ ਐਂਟਰੀ, ਕਿਸ ਸੀਟ ਤੋਂ ਲੜਨਗੇ ਚੋਣ, ਪੜ੍ਹੋ ਪੂਰੀ ਖ਼ਬਰ ਵਕੀਲ ਦਾ ਬਿਆਨ:ਖਡੂਰ ਸਾਹਿਬ ਸੀਟ ਦੀ ਟੱਕਰ ਹੁਣ ਬਹੁਤ ਹੀ ਰੌਚਕ ਹੋ ਗਈ ਹੈ। ਇਸ ਦਾ ਕਾਰਨ ਸਿਆਸੀ ਉਮੀਦਵਾਰਾਂ ਦੇ ਨਾਲ ਆਜ਼ਾਦ ਉਮੀਦਵਾਰਾਂ ਦਾ ਚੋਣ ਲੜਨਾ ਹੈ।ਐੱਨ.ਆਈ.ਏ. ਦੇ ਇਲਜ਼ਾਮਾਂ 'ਚ ਡਿਬਰੂਗੜ੍ਹ ਜੇਲ 'ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦਿੱਤੀ।
ਅੰਮ੍ਰਿਤਪਾਲ ਵੱਲੋਂ ਚੋਣਾਂ ਲੜਨ ਦੀ ਖਬਰ ਤੇ ਉਨ੍ਹਾਂ ਦੀ ਮਾਤਾ ਦਾ ਬਿਆਨ ਆਇਆ ਸਾਹਮਣੇ ਅੰਮ੍ਰਿਤਪਾਲ ਦੀ ਮਾਤਾ ਨੇ ਵੱਡਾ ਬਿਆਨ:ਇੱਕ ਪਾਸੇ ਵਕੀਲ ਰਾਜਦੇਵ ਸਿੰਘ ਖਾਲਾਸਾ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਸਿਆਸਤ 'ਚ ਆਉਣ ਦਾ ਬਿਆਨ ਦਿੱਤਾ ਗਿਆ ਤਾਂ ਦੂਜੇ ਪਾਸੇ ਅੰਮ੍ਰਿਤਪਾਲ ਦੀ ਮਾਤਾ ਨੇ ਵੱਡਾ ਬਿਆਨ ਦਿੰਦੇ ਆਖਿਆ ਕਿ ਇਸ ਗੱਲ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਕੱਲ੍ਹ ਅੰਮ੍ਰਿਤਪਾਲ ਦੇ ਪਿਤਾ ਜੀ ਉਨਾਂ ਨਾਲ ਮੁਲਾਕਾਤ ਕਰਨਗੇ, ਜਿਸ ਮਗਰੋਂ ਇਸ ਗੱਲ ਬਾਰੇ ਪਤਾ ਲੱਗ ਸਕੇਗਾ।
ਅੰਮ੍ਰਿਤਪਾਲ ਦਾ ਸੁਰਖੀਆਂ 'ਚ ਆਉਣਾ:ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਤੇ ਹੋਏ ਹਮਲੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸੁਰਖੀਆਂ 'ਚ ਆ ਗਿਆ ਸੀ। ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਪੰਜਾਬ ਪੁਲਿਸ ਨੇ ਆਪਣੀ ਪਕੜ ਸਖ਼ਤ ਕੀਤੀ ਤਾਂ ਉਸ ਨੇ ਆਤਮ ਸਮਰਪਣ ਕਰ ਦਿੱਤਾ।
ਆਪਣੇ ਦੋਸਤ ਨੂੰ ਛੁਡਾਉਣ ਲਈ ਥਾਣੇ 'ਤੇ ਹਮਲਾ:ਫਰਵਰੀ 2023 'ਚ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੇ ਹਥਿਆਰਾਂ ਨਾਲ ਲੈਸ ਪੰਜਾਬ ਦੇ ਅਜਨਾਲਾ 'ਚ ਪੁਲਿਸ ਸਟੇਸ਼ਨ 'ਤੇ ਹਮਲਾ ਕੀਤਾ। ਅੰਮ੍ਰਿਤਪਾਲ ਦੇ ਸਮਰਥਕਾਂ ਨੇ ਅਗਵਾ ਅਤੇ ਦੰਗਿਆਂ ਦੇ ਇੱਕ ਮੁਲਜ਼ਮ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣੇ ਵਿੱਚ ਛਾਪਾ ਮਾਰਿਆ ਸੀ। ਇਸ ਦੌਰਾਨ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਅੰਮ੍ਰਿਤਪਾਲ ਖ਼ਿਲਾਫ਼ ਉਸ ਦੇ ਇੱਕ ਸਾਬਕਾ ਸਾਥੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਇਲਜ਼ਾਮ ਲਗਾਏ ਸਨ ਕਿ ਇਨ੍ਹਾਂ ਸਾਰਿਆਂ ਨੇ ਕਥਿਤ ਤੌਰ 'ਤੇ ਅਜਨਾਲਾ ਤੋਂ ਬਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ।
ਅੰਮ੍ਰਿਤਪਾਲ ਦਾ ਪਿਛੋਕੜ : ਅੰਮ੍ਰਿਤਪਾਲ ਸਿੰਘ ਦਾ ਜਨਮ 1993 ਵਿੱਚ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ। 12ਵੀਂ ਪਾਸ ਕਰਨ ਵਾਲਾ ਅੰਮ੍ਰਿਤਪਾਲ ਅਚਾਨਕ ਦੁਬਈ ਚਲਾ ਗਿਆ। ਉਥੇ ਅੰਮ੍ਰਿਤਪਾਲ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਪੰਜਾਬੀ ਅਦਾਕਾਰ ਅਤੇ ਕਾਰਕੁਨ ਦੀਪ ਸਿੱਧੂ ਨੇ 30 ਸਤੰਬਰ 2021 ਨੂੰ ਸੰਸਥਾ ਵਾਰਿਸ ਪੰਜਾਬ ਦੇ ਦੀ ਸਥਾਪਨਾ ਕੀਤੀ ਸੀ। ਦੀਪ ਸਿੱਧੂ ਨੇ ਕਿਹਾ ਸੀ ਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਸਿੱਖੀ ਦੇ ਮਾਰਗ 'ਤੇ ਲਿਆਉਣਾ ਅਤੇ ਪੰਜਾਬ ਨੂੰ ਜਗਾਉਣਾ ਹੈ। ਦੀਪ ਸਿੱਧੂ ਦਾ ਨਾਂ ਕਿਸਾਨ ਅੰਦੋਲਨ ਅਤੇ ਫਿਰ 26 ਜਨਵਰੀ 2021 ਨੂੰ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਆਇਆ ਸੀ। 15 ਫਰਵਰੀ 2022 ਨੂੰ ਦੀਪ ਸਿੱਧੂ ਦੀ ਦਿੱਲੀ ਤੋਂ ਪੰਜਾਬ ਪਰਤਦੇ ਸਮੇਂ ਸੋਨੀਪਤ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮਾਰਚ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਹੁਣ ਵਾਰਿਸ ਪੰਜਾਬ ਦੇ ਸੰਗਠਨ ਦਾ ਨਵਾਂ ਆਗੂ ਹੈ। ਇਸ ਤੋਂ ਬਾਅਦ 29 ਸਤੰਬਰ 2022 ਨੂੰ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਸਰਕਾਰ ਅਤੇ ਸਿਸਟਮ ਨੂੰ ਸਿੱਧਾ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ।
ਸਿਮਰਨਜੀਤ ਸਿੰਘ ਮਾਨ ਨੇ ਵੀ ਜੇਲ੍ਹ ਵਿੱਚ ਚੋਣ ਲੜਕੇ ਜਿੱਤੇ ਸਨ: ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਖਾਲਿਸਤਾਨੀ ਪੱਖੀ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੀ 1989 ਦੀ ਲੋਕ ਸਭਾ ਚੋਣ ਜੇਲ੍ਹ ਵਿੱਚ ਬੈਠੇ ਲੜੇ ਸਨ। ਉਸ ਸਮੇਂ ਸਿਮਰਨਜੀਤ ਸਿੰਘ ਮਾਨ ਤਰਨਤਾਰਨ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਆਏ ਸਨ। ਅਤੇ ਰਿਕਾਰਡ 4 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਸਨ ਅਤੇ ਇਸ ਉਪਰੰਤ ਉਹਨਾਂ ਨੂੰ ਰਿਹਾਅ ਕਰਨਾ ਪਿਆ ਸੀ। ਹੁਣ ਵੇਖਣਾ ਅਹਿਮ ਰਹੇਗਾ ਕਿ ਕੀ ਖਡੂਰ ਸਾਹਿਬ ਦੀ ਜਨਤਾ ਅੰਮ੍ਰਿਤਪਾਲ ਨੂੰ ਵੋਟ ਪਾਵੇਗੀ ਜਾਂ ਫਿਰ ਕਿਸੇ ਹੋਰ ਉਮੀਦਵਾਰ 'ਤੇ ਆਪਣਾ ਵਿਸ਼ਵਾਸ ਜਤਾਵੇਗੀ।