ਹੈਦਰਾਬਾਦ ਡੈਸਕ: ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਖਤਮ ਹੋਣ ਮਗਰੋਂ ਹੁਣ ਨਾਮਜ਼ਦਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਜਾਂਚ ਦੌਰਾਨ ਖਡੂਰ ਸਾਹਿਬ ਤੋਂ ਆਜ਼ਾਦ ਉਮਦੀਵਾਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਹੁਣ ਅੰਮ੍ਰਿਤਪਾਲ ਸਿਘ ਜੇਲ੍ਹ ਵਿਚ ਹੋਣ ਦੇ ਬਾਵਜ਼ੂਦ ਚੋਣ ਲੜ ਸਕੇਗਾ। ਅੰਮ੍ਰਿਤਪਾਲ ਸਿੰਘ ਦਾ ਨਾਮਜ਼ਦਗੀ ਪੱਤਰ ਮਨਜ਼ੂਰ ਹੋ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ। ਜਿਸ ਦੇ ਪਿਛੇ ਉਨ੍ਹਾਂ ਨੇ ਵਜ੍ਹਾ ਜ਼ਾਹਰ ਕੀਤੀ ਹੈ ਕਿ ਜੇ ਅੰਮ੍ਰਿਤਪਾਲ ਦੇ ਕਾਗਜ਼ ਰੱਦ ਹੋ ਜਾਂਦੇ ਹਨ ਤਾਂ ਉਹ ਹਰਪਾਲ ਸਿੰਘ ਬਲੇਰ ਤੋਂ ਚੋਣ ਲੜਾਉਂਗੇ ਪਰ ਜੇ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਨਹੀਂ ਹੁੰਦੇ ਤਾਂ ਉਹ ਹਰਪਾਲ ਸਿੰਘ ਬਲੇਰ ਦਾ ਨਾਮ ਵਾਪਸ ਲੈ ਲੈਣਗੇ ਪਰ ਅੱਜ ਅੰਮ੍ਰਿਤਪਾਲ ਸਿੰਘ ਦਾ ਨਾਮਜ਼ਦਗੀ ਪੱਤਰ ਮਨਜ਼ੂਰ ਹੋ ਗਿਆ ਹੈ।
ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਦੀ ਨਾਮਜ਼ਦਗੀ ਲਈ ਵਾਪਿਸ:ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਦੀ ਨਾਮਜ਼ਦਗੀ ਵਾਪਿਸ ਲੈ ਲਈ ਹੈ। ਚੋਣ ਕਮਿਸ਼ਨ ਦੀ ਵੈਬਸਾਈਟ ਉਤੇ ਅੰਮ੍ਰਿਤਪਾਲ ਸਿੰਘ ਦਾ ਨਾਂ ਅਪਡੇਟ ਹੋ ਚੁੱਕਾ ਹੈ। ਜ਼ਿਲ੍ਹਾ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਅੰਮ੍ਰਿਤਪਾਲ ਸਿੰਘ ਵੱਲੋਂ ਨਾਮਜ਼ਦਗੀ ਦਾਖ਼ਲ ਕੀਤੀ ਗਈ ਸੀ। ਅੰਮ੍ਰਿਤਪਾਲ ਸਿੰਘ ਵੱਲੋਂ ਉਸ ਦੇ ਚਾਚਾ ਅਤੇ ਰਿਸ਼ਤੇਦਾਰ ਸੁਖਚੈਨ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।
ਹਾਈਕੋਰਟ 'ਚ ਪਟੀਸ਼ਨ:ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਨਾਮਜ਼ਦਗੀ ਦਾਖ਼ਲ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਪਾਈ ਸੀ ਜਿਸ ਵਿੱਚ ਅੰਮ੍ਰਿਤਪਾਲ ਨੇ ਨਾਮਜ਼ਦਗੀ ਦਾਖ਼ਲ ਕਰਨ ਲਈ 7 ਦਿਨਾਂ ਦਾ ਸਮਾਂ ਮੰਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਅੰਮ੍ਰਿਤਪਾਲ ਦੀ ਨਾਮਜ਼ਦਗੀ ਦੀ ਸਾਰੀ ਪ੍ਰਕਿਰਿਆ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਸੰਭਾਲਣਗੇ।