ਅੰਮ੍ਰਿਤਪਾਲ ਸਿੰਘ ਦੇ ਸੀਐਮ ਮਾਨ 'ਤੇ ਗੰਭੀਰ ਇਲਜ਼ਾਮ ਬਰਨਾਲਾ: ਨੈਸ਼ਨਲ ਸਕਿਓਰਟੀ ਐਕਟ ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਪੰਜਾਬ ਸਰਕਾਰ 'ਤੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸ਼ਨ ਵਿਰੁੱਧ ਗੰਭੀਰ ਇਲਜ਼ਾਮ ਲਗਾਏ ਗਏ ਹਨ। ਅੰਮ੍ਰਿਤਪਾਲ ਸਿੰਘ ਦੀ ਚਿੱਠੀ ਮੀਡੀਆ ਸਾਹਮਣੇ ਕੀਤੀ ਪੇਸ਼ ਕੀਤਾ ਗਿਆ। ਸਮੂਹ ਸਿੰਘਾਂ ਦੀ ਪ੍ਰਾਈਵੇਸੀ ਉਪਰ ਹਮਲਾ ਦੱਸਦਿਆਂ ਐਡਵੋਕੇਟ ਖਾਲਸਾ ਨੇ ਇਲਜ਼ਾਮ ਲਗਾਇਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਸਿੰਘਾਂ ਦੀਆਂ ਬੈਰਕਾਂ ਤੇ ਬਾਥਰੂਮਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਉਪਰ ਸੀਕਰੇਟ ਡਿਵਾਈਸ ਫਿੱਟ ਕੀਤੇ ਗਏ ਹਨ।
ਇਸ ਦੇ ਰੋਸ ਵਜੋਂ 16 ਫ਼ਰਵਰੀ ਤੋਂ ਸਮੂਹ ਸਿੰਘ ਭੁੱਖ ਹੜਤਾਲ ਉਪਰ ਹਨ ਅਤੇ ਭਾਈ ਬਸੰਤ ਸਿੰਘ ਦੀ ਸਿਹਤ ਨਾਜ਼ੁਦ ਦੱਸੀ। ਉਨ੍ਹਾਂ ਕਿਹਾ ਕਿ ਸਮੂਹ ਸਿੰਘ ਪੰਜਾਬ ਜੇਲ੍ਹ ਵਿੱਚ ਤਬਦੀਲੀ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਸਮੂਹ ਸਿੰਘਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ।
ਸੀਐਮ ਮਾਨ ਨੇ ਸੀਕ੍ਰੇਟ ਡਿਵਾਈਸ ਫਿੱਟ ਕਰਵਾਏ: ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਮੁਲਾਕਾਤ ਦੌਰਾਨ ਸਪੱਸ਼ਟ ਕਿਹਾ ਹੈ ਕਿ 16 ਫ਼ਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਉਪਰ ਉਨ੍ਹਾਂ ਦੀਆਂ ਬੈਰਕਾਂ ਅਤੇ ਬਾਥਰੂਮਾਂ ਵਿੱਚ ਸੀਕ੍ਰੇਟ ਡਿਵਾਈਸ ਫਿੱਟ ਕਰਕੇ ਉਨ੍ਹਾਂ ਦੀ ਪ੍ਰਾਈਵੇਸੀ ਉਪਰ ਹਮਲਾ ਕੀਤਾ ਗਿਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਜੇਲ੍ਹ ਦੇ ਸੁਪਰੀਡੈਂਟ ਨੂੰ ਪੱਤਰ ਲਿੱਖ ਕੇ ਉਨ੍ਹਾਂ ਦੇ ਨੋਟਿਸ ਵਿੱਚ ਇਹ ਸਭ ਲਿਆਂਦਾ ਹੈ।
ਸੀਐਮ ਉੱਤੇ ਇਲਜ਼ਾਮ- ਖਾਣੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਸਾਜਿਸ਼: ਅੰਮ੍ਰਿਤਪਾਲ ਦੇ ਵਕੀਲ ਰਾਜਦੇਵ ਸਿੰਘ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਨੇ ਅੰਮ੍ਰਿਤਪਾਲ ਸਿੰਘ ਦਾ ਪੱਤਰ ਅੱਗੇ ਡੀਸੀ ਅੰਮ੍ਰਿਤਸਰ ਨੂੰ ਭੇਜਿਆ ਗਿਆ ਹੈ। ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਅੰਮ੍ਰਿਤਪਾਲ ਸਿੰਘ ਦੀ ਚਿੱਠੀ ਦਿਖਾਉਂਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਉਨ੍ਹਾਂ ਦੇ ਖਾਣੇ ਵਿੱਚ ਜ਼ਹਿਰ ਦੇ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਮਾਰਨ ਦੀ ਸਾਜਿਸ਼ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਨਾਲ ਦੇ ਸਾਥੀ ਭੁੱਖ ਹੜਤਾਲ ਉੱਤੇ ਹਨ। ਉਨ੍ਹਾਂ ਨੇ ਆਪਣੀ ਜੇਲ੍ਹ ਤਬਦੀਲੀ ਦੀ ਮੰਗ ਕੀਤੀ ਹੈ।
ਭੁੱਖ ਹੜਤਾਲ ਉੱਤੇ ਬੈਠੇ ਅੰਮ੍ਰਿਤਪਾਲ ਤੇ ਉਸ ਦੇ ਸਾਥੀ: ਐਡਵੋਕੇਟ ਰਾਜਦੇਵ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀਆਂ ਉਪਰ ਫਰਜ਼ੀ ਕਹਾਣੀ ਬਣਾ ਕੇ ਉਨ੍ਹਾਂ ਉੱਤੇ ਝੂਠਾ ਕੇਸ ਦਰਜ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ 16 ਫ਼ਰਵਰੀ ਤੋਂ ਅੰਮ੍ਰਿਤਪਾਲ ਸਣੇ ਉਸ ਦੇ ਸਾਰੇ ਸਾਥੀ ਭੁੱਖ ਹੜਤਾਲ ਉੱਤੇ ਹਨ। ਜਿਨ੍ਹਾਂ ਚੋਂ ਬਸੰਤ ਸਿੰਘ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਹੱਕ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੇ ਭੁੱਖ ਹੜਤਾਲ ਕੀਤੀ ਹੈ।