ਲੁਧਿਆਣਾ: ਕਾਦੀਆਂ ਦੇ ਸਰਪੰਚ ਕਰਮ ਚੰਦ ਨੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਇਨਸਾਫ਼ ਦੀ ਗੁਹਾਰ ਲਾਈ ਹੈ। ਪੀੜਤ ਧਿਰ ਦਾ ਇਲਜ਼ਾਮ ਹੈ ਕਿ ਥਾਣਾ ਲਾਡੋਵਾਲ ਦੀ ਪੁਲਿਸ ਉਨ੍ਹਾਂ ’ਤੇ ਸਮਝੌਤਾ ਕਰਵਾਉਣ ਲਈ ਦਬਾਅ ਪਾ ਰਹੀ ਹੈ। ਪਿੰਡ ਕਾਦੀਆ ਦੇ ਸਰਪੰਚ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਜੁਲਾਈ ਨੂੰ ਗੁਰਤੇਜ ਸਿੰਘ ਵੱਲੋਂ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਸੀ ਅਤੇ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਗਲਤੀ ਮੰਨੀ। ਕਾਰ ਦੀ ਮੁਰੰਮਤ ਕਰਵਾਉਣ ਲਈ ਸਮਝੌਤਾ ਹੋ ਗਿਆ ਪਰ ਕੁਝ ਦਿਨਾਂ ਬਾਅਦ ਜਦੋਂ ਪੀੜਤ ਧਿਰ ਨੇ ਉਨ੍ਹਾਂ ਕੋਲੋਂ ਕਾਰ ਦੀ ਮੁਰੰਮਤ ਕਰਵਾਉਣ ਲਈ ਮੁਆਵਜ਼ਾ ਮੰਗਿਆ ਤੇ ਜਦੋਂ ਮੁਆਵਜ਼ਾ ਨਾ ਮਿਲਿਆ ਤਾਂ 13 ਜੁਲਾਈ ਨੂੰ ਗੁਰਤੇਜ ਸਿੰਘ ਵਿਰੁੱਧ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੁਲਿਸ ਨੇ ਇੱਕ ਵਾਰ ਵੀ ਮੁਲਜ਼ਮਾਂ ਨੂੰ ਥਾਣੇ ਨਹੀਂ ਬੁਲਾਇਆ।
ਦਲਿਤ ਸਰਪੰਚ ਨਾਲ ਕੁੱਟਮਾਰ ਦਾ ਦੋਸ਼: ਸਰਪੰਚ ਕਰਮਚੰਦ ਨੇ ਦੱਸਿਆ ਕਿ ਬੀਤੀ 27 ਜੁਲਾਈ ਨੂੰ ਕਿਸਾਨ ਯੂਨੀਅਨ ਦੇ ਪ੍ਰਧਾਨ ਇੰਦਰਵੀਰ ਸਿੰਘ, ਉਸ ਦੇ ਸਾਥੀ ਗੁਰਤੇਜ ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ ਨੇ ਉਸ 'ਤੇ ਪਿੰਡ ਵਿੱਚ ਸਵੇਰੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਜਾਤੀ ਸੂਚਕ ਸ਼ਬਦਾਵਲੀ ਵਰਤ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਲਟਾ ਮੁਲਜ਼ਮ ਇੰਦਰਵੀਰ ਸਿੰਘ ਨੇ ਪੁਲਿਸ ਨੂੰ ਬੁਲਾ ਕੇ ਥਾਣਾ ਲਾਡੋਵਾਲ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਫਿਰ ਪੁਲਿਸ ਨੇ ਮੁਲਜ਼ਮਾਂ ਦਾ ਸਾਥ ਦਿੱਤਾ ਅਤੇ ਸਾਨੂੰ 8 ਘੰਟੇ ਥਾਣੇ 'ਚ ਬਿਠਾ ਕੇ ਮਾਨਸਿਕ ਤੌਰ 'ਤੇ ਤਸ਼ੱਦਦ ਕੀਤਾ।