ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ (ETV BHARAT PUNJAB (ਰਿਪੋਟਰ ਅੰਮ੍ਰਿਤਸਰ)) ਅੰਮ੍ਰਿਤਸਰ:ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾਂ ਵਿੱਚ ਵੀ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ।।ਜਾਣਕਾਰੀ ਅਨੁਸਾਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਦਰਜ ਕੀਤਾ ਗਿਆ ਹੈ ਜੋ ਕਿ ਇਸ ਸੀਜਨ ਦਾ ਸਭ ਤੋਂ ਸਿਖਰਲਾ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ।
ਦੋ ਗੁਣਾਂ ਪਾਣੀ ਦਾ ਪੱਧਰ ਵਧਿਆ:ਪਾਣੀ ਦੇ ਵਧਣ ਦੀ ਸੂਚਨਾ ਮਿਲਣ ਉੱਤੇ ਈਟੀਵੀ ਭਾਰਤ ਦੀ ਟੀਮ ਵੱਲੋਂ ਬਿਆਸ ਦਰਿਆ ਦਾ ਦੌਰਾ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਬਿਆਸ ਦਰਿਆ ਵਿੱਚ ਕਰੀਬ ਦੋ ਗੁਣਾਂ ਪਾਣੀ ਦਾ ਪੱਧਰ ਵੱਧ ਚੁੱਕਾ ਹੈ। ਇਸ ਦੇ ਨਾਲ ਹੀ ਦਰਿਆ ਵਿੱਚ ਪਾਣੀ ਵਧਣ ਕਾਰਣ ਦਰਿਆ ਦਾ ਘੇਰਾ ਵਿਸ਼ਾਲ ਹੋ ਰਿਹਾ ਹੈ ਅਤੇ ਕਪੂਰਥਲਾ ਦੇ ਨੀਵੇ ਇਲਾਕਿਆਂ ਮੰਡ ਖੇਤਰ ਵੱਲ ਪਾਣੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ।
ਖਤਰੇ ਦੀ ਘੰਟੀ: ਇਸ ਸਬੰਧੀ ਮੌਕੇ ਉੱਤੇ ਦਰਿਆ ਬਿਆਸ ਕੰਢੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਨੇ ਦੱਸਿਆ ਕਿ ਸਵੇਰ ਤੱਕ ਦਰਿਆ ਵਿੱਚ ਪਾਣੀ ਦਾ ਪੱਧਰ 23 ਹਜਾਰ ਦੇ ਨਜਦੀਕ ਸੀ ਜੋ ਕਿ ਹੁਣ ਸ਼ਾਮ 7 ਵਜੇ, 44 ਹਜ਼ਾਰ 789 ਕਿਊਸਿਕ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਸਾਫ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਮਲਬੇ ਦਾ ਭਰਿਆ ਪਾਣੀ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਜੋ ਕਿ ਦਰਿਆ ਕੰਢੇ ਵਸੇ ਜ਼ਿਲ੍ਹਾ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ ਅਤੇ ਗੁਰਦਾਸਪੁਰ ਸਮੇਤ ਵੱਖ-ਵੱਖ ਜਿਲ੍ਹਿਆਂ ਦੇ ਲੋਕਾਂ ਲਈ ਖਤਰੇ ਦੀ ਘੰਟੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ।
ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਣ ਉੱਤੇ ਵਿਭਾਗ ਵੱਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਢੇ ਮਿੱਟੀ ਦੇ ਭਰੇ ਹੋਏ ਸੈਂਕੜੇ ਬੋਰੇ ਰੱਖੇ ਹੋਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਮੁਸੀਬਤ ਸਮੇਂ ਮੌਕਾ ਸੰਭਾਲਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸਾਲ 2023 ਦੌਰਾਨ ਵੀ ਅਚਾਨਕ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਜੋ ਕਿ ਬਾਅਦ ਦੇ ਵਿੱਚ ਵੱਧਦੇ ਵੱਧਦੇ ਕਈ ਖੇਤਰਾਂ ਲਈ ਨੁਕਸਾਨ ਦਾ ਕਾਰਨ ਬਣਿਆ ਅਤੇ ਇਸ ਦੌਰਾਨ ਲੋਕਾਂ ਦੇ ਭਾਰੀ ਮਾਲੀ ਨੁਕਸਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।