ਗੈਂਗਸਟਰ ਦੀ ਜਾਇਦਾਦ ਜ਼ਬਤ (ETV BHARAT) ਅੰਮ੍ਰਿਤਸਰ:ਪੰਜਾਬ ਪੁਲਿਸ ਵਲੋਂ ਜਿਥੇ ਨਸ਼ਿਆਂ ਨੂੰ ਲੈਕੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਅਤੇ ਗੈਂਗਸਟਰਾਂ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ 'ਚ ਪੁਲਿਸ ਵਲੋਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੀ ਵਿਦੇਸ਼ ਬੈਠੇ ਗੈਂਗਸਟਰ ਹੈਪੀ ਜੱਟ ਖਿਲਾਫ਼ ਕਾਰਵਾਈ ਕੀਤੀ ਗਈ ਹੈ।
ਗੈਂਗਸਟਰ ਦੀ ਜਾਇਦਾਦ ਜ਼ਬਤ:ਅੰਮ੍ਰਿਤਸਰ ਪੁਲਿਸ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਅਤੇ ਐਨਡੀਪੀਐਸ ਐਕਟ ਦੇ ਮੁਲਜ਼ਮ ਹੈਪੀ ਜੱਟ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਇਸ ਦੇ ਤਹਿਤ ਪੁਲਿਸ ਨੇ ਗੈਂਗਸਟਰ ਹੈਪੀ ਜੱਟ ਦੀ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਕਰੋੜਾਂ ਦੀ ਹੈ ਗੈਂਗਸਟਰ ਦੀ ਜਾਇਦਾਦ:ਇਸ ਮੌਕੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 2023 ਵਿੱਚ 13 ਕਰੋੜ ਰੁਪਏ ਅਤੇ 2024 ਵਿਚ 46 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਗੈਂਗਸਟਰ ਹੈਪੀ ਜੱਟ ਦੀ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।
ਬੈਂਕ ਖਾਤਾ ਵੀ ਕਤਿਾ ਫਰੀਜ਼: ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਗੈਂਗਸਟਰ ਦੀ ਯੂ.ਪੀ. ਵਿਚਲੀ ਜਾਇਦਾਦ ਨੂੰ ਵੀ ਜ਼ਬਤ ਕੀਤਾ ਗਿਆ ਹੈ ਅਤੇ ਨਾਲ ਹੀ ਉਸ ਦੇ ਇੱਕ ਬੈਂਕ ਖਾਤੇ ਨੂੰ ਵੀ ਫਰੀਜ਼ ਕੀਤਾ ਗਿਆ ਹੈ, ਜਿਸ 'ਚ ਤਕਰੀਬਨ ਸਾਢੇ ਤਿੰਨ ਲੱਖ ਦੇ ਕਰੀਬ ਰਕਮ ਸੀ। ਉਨ੍ਹਾਂ ਦੱਸਿਆ ਕਿ ਬੈਂਕ ਖਾਤੇ ਦੇ ਪੈਸਿਆਂ ਸਮੇਤ ਉਸ ਦੀ ਕੁੱਲ੍ਹ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਜੇਲ੍ਹ ਤੋਂ ਬਾਹਰ ਨਿਕਲ ਵਿਦੇਸ਼ ਭੱਜਿਆ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਹੈਪੀ ਜੱਟ ਖਿਲਾਫ ਕਰੀਬ 19 ਕੇਸ ਦਰਜ ਹਨ। ਜਿਸ 'ਚ ਫਿਰੌਤੀ ਮੰਗਣ ਸਮੇਤ ਹੋਰ ਕਈ ਗੰਭੀਰ ਅਪਰਾਧਿਕ ਮਾਮਲੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸਾਲ 2020 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਫਿਰ ਵਿਦੇਸ਼ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਵੀ ਯਤਨ ਕਰ ਰਹੀ ਹੈ।