ਅਧਿਕਾਰੀਆਂ ਨੇ ਕੁੱਝ ਵੀ ਬੋਲਣ ਤੋਂ ਵੱਟਿਆ ਪਾਸਾ (ETV BHARAT PUNJAB (ਰਿਪੋਟਰ,ਅੰਮ੍ਰਿਤਸਰ)) ਅੰਮ੍ਰਿਤਸਰ:ਚੰਡੀਗੜ੍ਹ ਦੇ ਸੈਕਟਰ-10 'ਚ ਕੋਠੀ 'ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਮੁਲਜ਼ਮਾਂ ਤੱਕ ਪੁਲਿਸ ਪਹੁੰਚ ਗਈ ਹੈ। ਪੰਜਾਬ ਪੁਲਿਸ ਦੀ ਟੀਮ ਨੇ ਖੰਨਾ ਤੋਂ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਮਸੀਹ ਅਤੇ ਰੋਹਨ ਮਸੀਹ ਵਜੋਂ ਹੋਈ ਹੈ। ਮੁਲਜ਼ਮ ਰੋਹਨ ਮਸੀਹ ਅੰਮ੍ਰਿਤਸਰ ਦੇ ਰਮਦਾਸ ਦਾ ਰਹਿਣ ਵਾਲਾ ਜਿਸ ਨੂੰ ਕਿ ਪੁਲਿਸ ਦੀਆਂ ਟੀਮਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਲੈਕੇ ਰਵਾਨਾ ਹੋਈਆਂ।
ਪੁਲਿਸ ਅਧਿਕਾਰੀਆਂ ਨੇ ਧਾਰੀ ਚੁੱਪੀ
ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਹੁਣ ਚੰਡੀਗੜ੍ਹ ਲਈ ਪੁਲਿਸ ਮੁਲਜ਼ਮ ਨੂੰ ਲੈਕੇ ਰਵਾਨਾ ਹੋਈ ਹੈ। ਇੱਥੇ ਦੱਸਣ ਯੋਗ ਹੈ ਕਿ ਇਹਨਾਂ ਮੁਲਜ਼ਮਾਂ ਵੱਲੋਂ ਚੰਡੀਗੜ੍ਹ ਸੈਕਟਰ 10 ਦੇ ਵਿੱਚ ਧਮਾਕਾ ਕੀਤਾ ਗਿਆ ਸੀ ਅਤੇ ਪੁਲਿਸ ਵਾਸਤੇ ਚਿੰਤਾ ਦਾ ਵਿਸ਼ਾ ਬਣੇ ਹੋਏ ਸਨ ।ਪੁਲਿਸ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਤੇ ਪੁਲਿਸ ਵੱਲੋਂ ਇਸ ਮਾਮਲੇ ਉੱਤੇ ਚੁੱਪੀ ਧਾਰੀ ਰੱਖੀ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਡੀਜੀਪੀ ਪੰਜਾਬ ਨੇ ਜਾਣਕਾਰੀ ਕੀਤੀ ਸਾਂਝੀ
ਦੱਸ ਦਈਏ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਖੁੱਦ ਡੀਜੀਪੀ ਪੰਜਾਬ ਨੇ ਸਾਂਝੀ ਕੀਤੀ ਸੀ। ਡੀਜੀਪੀ ਨੇ ਦੱਸਿਆ ਸੀ ਕਿ ਮੁਲਜ਼ਮਾਂ ਨੂੰ ਖੰਨਾ ਤੋਂ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 9 ਐਮਐਮ ਗਲਾਕ ਪਿਸਤੌਲ ਸਮੇਤ ਅਸਲਾ ਬਰਾਮਦ ਹੋਇਆ। ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਸੀ ਕਿ ਮੁਲਜ਼ਮ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (#SSOC) ਅੰਮ੍ਰਿਤਸਰ ਦੀ ਹਿਰਾਸਤ ਵਿੱਚ ਸਨ। ਸ਼ੁਰੂਆਤੀ ਖੁਲਾਸੇ ਵਿੱਚ ਰੋਹਨ ਨੇ 11.09.2024 ਨੂੰ ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਧਮਾਕੇ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਘਟਨਾ ਵਾਲੇ ਦਿਨ ਜਿਸ ਆਟੋ ਵਿੱਚ ਆਏ ਸਨ, ਦੋ ਦਿਨ ਪਹਿਲਾਂ ਵੀ ਉਹ ਉਸੇ ਆਟੋ 'ਚ ਘਰ ਦੀ ਰੇਕੀ ਕਰਨ ਆਏ ਸੀ। ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਵੇਂ ਮੁਲਜ਼ਮ 9 ਸਤੰਬਰ ਨੂੰ ਚੰਡੀਗੜ੍ਹ ਪੁੱਜੇ ਸਨ ਅਤੇ ਕੋਠੀ ਦੀ ਰੇਕੀ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਬੁੱਧਵਾਰ ਨੂੰ ਜਲੰਧਰ ਤੋਂ ਚੰਡੀਗੜ੍ਹ ਵੋਲਵੋ ਬੱਸ ਵਿੱਚ ਆਏ ਸਨ।