ਰਿਕਵਰੀ ਲਈ ਲਿਆਂਦੇ ਬਾਈਕ ਚੋਰ ਮੁਲਜ਼ਮ (Etv Bharat Amritsar) ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਬਿਆਸ ਦੇ ਖੇਤਰ ਵਿੱਚ ਚੋਰੀ ਦੇ ਇੱਕ ਮਾਮਲੇ ਵਿੱਚ ਅੰਮ੍ਰਿਤਸਰ ਸਿਟੀ ਦੀ ਪੁਲਿਸ ਦੋ ਮੁਲਜਮਾਂ ਨੂੰ ਰਿਕਵਰੀ ਲਈ ਲਿਆਈ ਸੀ। ਜਿਸ ਦੌਰਾਨ ਪੁਲਿਸ ਨੂੰ ਦੋ ਕਥਿਤ ਮੁਲਜ਼ਮ ਚਕਮਾ ਦੇ ਕੇ ਫ਼ਰਾਰ ਹੋ ਗਏ ਹਨ। ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਸਿਟੀ ਦੇ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਸ਼ਹੀਦਾਂ ਸਾਹਿਬ ਗੁਰਦੁਆਰਾ ਤੋਂ ਚੋਰੀ ਦੇ ਬਾਈਕ ਸਮੇਤ ਕਥਿਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਕੋਲੋਂ ਕੀਤੀ ਪੁੱਛ ਪੜਤਾਲ ਦੌਰਾਨ ਪੁਲਿਸ ਨੂੰ ਹੋਰ ਰਿਕਵਰੀ ਹੋਣ ਦੀ ਉਮੀਦ ਸੀ।
ਚੋਰੀ ਦੇ ਹੋਰ ਮੋਟਰਸਾਈਕਲ :ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਥਾਣਾ ਸੀਟਵੀਜ਼ਨ ਦੇ ਦੋ ਥਾਣੇਦਾਰ ਜਦੋਂ ਇੱਕ ਹਵਲਦਾਰ ਨੂੰ ਨਾਲ ਲੈ ਉ ਤੇ ਦੋਨੋਂ ਮੁਲਜਮਾਂ ਨੂੰ ਕਾਰ ਵਿੱਚ ਬੈਠਾ ਕੇ ਮੁਲਜਮਾਂ ਦੇ ਦੱਸੇ ਅਨੁਸਾਰ ਦਰਿਆ ਬਿਆਸ ਕੰਢੇ ਇੱਕ ਖੇਤਰ ਵਿੱਚ ਲੈ ਕੇ ਆਏ ਤਾਂ ਇਸ ਦੌਰਾਨ ਮੁਲਜ਼ਮਾਂ ਵੱਲੋਂ ਕਾਰ ਵਿੱਚ ਬੈਠੇ ਉਕਤ ਦੋਨੇਂ ਥਾਣੇਦਾਰਾਂ ਨੂੰ ਸਾਹਮਣੇ ਝਾੜੀਆਂ ਤਰਫ ਇਸ਼ਾਰਾ ਕਰਕੇ ਇਹ ਦੱਸਿਆ ਗਿਆ ਕਿ ਇਸ ਤਰਫ ਚੋਰੀ ਦੇ ਹੋਰ ਮੋਟਰਸਾਈਕਲ ਪਏ ਹਨ ਜੋ ਕਿ ਉਹ ਪੁਲਿਸ ਨੂੰ ਬਰਾਮਦ ਕਰਾ ਰਹੇ ਹਨ।
ਹਵਲਦਾਰ ਨੂੰ ਸੱਟਾਂ ਮਾਰ ਕੇ ਜ਼ਖਮੀ ਕੀਤਾ: ਇਸ ਦੌਰਾਨ ਜਦੋਂ ਦੋਨੋਂ ਏ.ਐਸ.ਆਈ. ਪੁਲਿਸ ਅਧਿਕਾਰੀ ਗੱਡੀ ਵਿੱਚੋਂ ਉਤਰ ਕੇ ਸਾਹਮਣੇ ਉਕਤ ਜਗ੍ਹਾ ਵੱਲ ਗਏ ਤਾਂ ਕਾਰ ਦੀ ਪਿਛਲੀ ਸੀਟ 'ਤੇ ਸਵਾਰ ਦੋਨੋਂ ਮੁਲਜ਼ਮ ਸਮੇਤ ਕਾਰ ਵਿੱਚ ਸਵਾਰ ਹਵਲਦਾਰ ਦੇ ਮੌਕੇ ਤੋਂ ਕਾਰ ਲੈ ਕੇ ਫ਼ਰਾਰ ਹੋ ਗਏ। ਸੂਚਨਾ ਅਨੁਸਾਰ ਉਕਤ ਮੁਲਜਮਾਂ ਵੱਲੋਂ ਹਵਲਦਾਰ ਨੂੰ ਸੱਟਾਂ ਮਾਰ ਕੇ ਜ਼ਖਮੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਾਰ ਸਮੇਤ ਸਵਾਰ ਹੋਏ ਦੋਨੋਂ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।
ਅੰਮ੍ਰਿਤਸਰ ਸਿਟੀ ਦੇ ਥਾਣਾ ਡਿਵੀਜ਼ਨ ਦੀ ਪੁਲਿਸ: ਦੂਸਰੀ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਬਿਆਸ ਦੀ ਪੁਲਿਸ ਵੱਲੋਂ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਸਿਟੀ ਦੇ ਥਾਣਾ ਡਿਵੀਜ਼ਨ ਦੀ ਪੁਲਿਸ ਪਾਰਟੀ ਵੀ ਮੌਕੇ 'ਤੇ ਪਹੁੰਚ ਚੁੱਕੀ ਹੈ। ਥਾਣਾ ਬਿਆਸ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਕਤ ਘਟਨਾ ਸਬੰਧੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਮੌਕਾ ਮੁਆਇਨਾ ਕਰਨ ਤੋਂ ਬਾਅਦ ਇਸ ਸਬੰਧੀ ਕਥਿਤ ਮੁਲਜਮਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।