ਲੁਧਿਆਣਾ:ਇਸ ਵਾਰ ਅਕਤੂਬਰ ਨਵੰਬਰ ਵਿੱਚ ਬਾਰਿਸ ਨਹੀਂ ਹੋਈ, ਜਿਸ ਦਾ ਅਸਰ ਹੁਣ ਮੌਸਮ 'ਤੇ ਦੇਖਣ ਨੂੰ ਮਿਲ ਰਿਹਾ ਹੈ, ਤਾਪਮਾਨ ਆਮ ਨਾਲੋਂ ਜਿਆਦਾ ਰਿਕਾਰਡ ਕੀਤੇ ਜਾ ਰਹੇ ਹਨ। ਬੇਸ਼ੱਕ ਦਸੰਬਰ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਸਰਦੀ ਲਗਾਤਾਰ ਘੱਟ ਪੈ ਰਹੀ ਹੈ। ਜਿਸ ਦੇ ਨਾਲ ਲੁਧਿਆਣਾ ਦੀ ਹੋਜਰੀ ਇੰਡਸਟਰੀ ਵੀ ਪ੍ਰਭਾਵਿਤ ਹੋ ਰਹੀ ਹੈ। ਬੇਸ਼ੱਕ ਥੋਕ ਦੇ ਵਪਾਰੀਆਂ ਵੱਲੋਂ ਆਪਣੇ ਆਰਡਰ ਭੁਗਤਾ ਦਿੱਤੇ ਗਏ ਹਨ ਪਰ ਰਿਟੇਲ ਦੇ ਵਿੱਚ ਸੇਲ ਨਾ ਹੋਣ ਦੇ ਚਲਦਿਆਂ ਪ੍ਰਭਾਵ ਨਜ਼ਰ ਆ ਰਿਹਾ ਹੈ।
ਸਰਦੀ ਘੱਟ ਹੋਣ ਕਾਰਨ ਕੱਪੜੇ ਦੀ ਵਿਕਰੀ ਉੱਪਰ ਵੱਡਾ ਅਸਰ (ETV Bharat (ਲੁਧਿਆਣਾ, ਪੱਤਰਕਾਰ)) ਅਕਤੂਬਰ ਦੇ ਮਹੀਨੇ ਵਿੱਚ ਬਿਲਕੁਲ ਵੀ ਨਹੀਂ ਹੋਈ ਬਾਰਿਸ਼
ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੀਏਯੂ ਦੇ ਮੌਸਮ ਮਾਹਿਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਜਿਆਦਾ ਰਿਕਾਰਡ ਕੀਤਾ ਜਾ ਰਿਹਾ ਹੈ। ਜਿਸ ਦਾ ਕਾਰਨ ਅਕਤੂਬਰ ਅਤੇ ਮਹੀਨੇ ਵਿੱਚ ਬਿਲਕੁਲ ਵੀ ਨਹੀਂ ਹੋਈ ਬਾਰਿਸ਼ ਹੈ। ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਵੀ ਬਾਰਿਸ ਦੀ ਸੰਭਾਵਨਾ ਨਹੀਂ ਹੈ। ਜਿਸ ਦੇ ਚਲਦਿਆਂ ਅਜਿਹਾ ਹੀ ਮੌਸਮ ਰਹਿਣ ਦੇ ਅਨੁਮਾਨ ਹਨ। ਉਨ੍ਹਾਂ ਨੇ ਕਿਹਾ ਕਿ ਖੁਸ਼ਕ ਪੈ ਰਹੀ ਸਰਦੀ ਦਾ ਮਨੁੱਖੀ ਜੀਵਨ ਉੱਪਰ ਵੀ ਅਸਰ ਹੈ। ਲਗਾਤਾਰ ਬਦਲ ਰਹੇ ਮੌਸਮ ਦੇ ਚੱਲਦਿਆ ਬੈਕਟੀਰੀਆ ਜਲਦੀ ਉਤਪੰਨ ਹੁੰਦਾ ਹੈ ਅਤੇ ਖੰਗ ਜੁਕਾਮ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਦਲਦੇ ਮੌਸਮ ਪ੍ਰਤੀ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ।
ਸਰਦੀ ਘੱਟ ਹੋਣ ਕਾਰਨ ਕੱਪੜੇ ਦੀ ਵਿਕਰੀ ਉੱਪਰ ਵੱਡਾ ਅਸਰ (ETV Bharat (ਲੁਧਿਆਣਾ, ਪੱਤਰਕਾਰ)) ਥੋਕ ਦੇ ਕਾਰੋਬਾਰ 'ਤੇ ਘੱਟ ਸਰਦੀ ਦਾ ਅਸਰ
ਉੱਥੇ ਹੀ ਹੌਜ਼ਰੀ ਕਾਰੋਬਾਰੀ ਵਿਨੋਦ ਥਾਪਰ ਨੇ ਦੱਸਿਆ ਕਿ ਸਰਦੀ ਲਗਾਤਾਰ ਸੁੰਗੜ ਰਹੀ ਹੈ। ਜਿਸ ਦਾ ਅਸਰ ਕੱਪੜੇ ਦੇ ਕਾਰੋਬਾਰ ਉੱਪਰ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਥੋਕ ਦੇ ਕਾਰੋਬਾਰ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਆਰਡਰ ਭੁਗਤਾ ਦਿੱਤੇ ਗਏ ਹਨ। ਬੇਸ਼ੱਕ ਵਿਆਹ ਸ਼ਾਦੀਆਂ ਦੇ ਚੱਲਦਿਆ ਉਨ੍ਹਾਂ ਵੱਲੋਂ ਆਪਣਾ ਮਾਲ ਵੇਚ ਦਿੱਤਾ ਗਿਆ ਹੈ ਪਰ ਰਿਟੇਲ ਦੁਕਾਨਾਂ ਉੱਪਰ ਸੇਲ ਨਾ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਨਗਦੀ ਨਹੀਂ ਆਈ। ਜਿਸ ਦੇ ਚੱਲਦਿਆਂ ਅਸੀਂ ਕਹਿ ਸਕਦੇ ਹਾਂ ਕਿ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕੀ ਆਉਣ ਵਾਲੇ ਦਿਨ੍ਹਾਂ ਵਿੱਚ ਪਹਾੜੀ ਏਰੀਆਂ ਵਿੱਚ ਬਰਫ ਪਵੇਗੀ ਅਤੇ ਠੰਡ ਵੱਧਣ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਵਧੇਗਾ।