ਮੁਹਾਲੀ: ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇਸ਼ ਵਿਆਪੀ ਪ੍ਰਦਰਸ਼ਨ ਕਰ ਰਹੀ ਹੈ। ਮੁਹਾਲੀ ਵਿੱਚ ਵੀ ਚੰਡੀਗੜ੍ਹ ਕੂਚ ਕਰਨ ਲਈ ਆਪ ਆਗੂਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਆਪ ਆਗੂਆਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਸਨ। ਆਪ ਆਗੂਆਂ ਨੇ ਈਡੀ ਦੀ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ ਹੈ।
ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ ਗ੍ਰਿਫਤਾਰੀ: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੂੰ 21 ਮਾਰਚ (ਵੀਰਵਾਰ) ਨੂੰ ਦਿੱਲੀ ਹਾਈ ਕੋਰਟ ਤੋਂ ਗ੍ਰਿਫਤਾਰੀ ਤੋਂ ਸੁਰੱਖਿਆ ਨਾ ਮਿਲਣ ਤੋਂ ਬਾਅਦ ਈਡੀ ਨੇ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਹੀ ਇਸ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਪੇਸ਼ ਕੀਤਾ ਜਾਵੇਗਾ, ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਰਹੀ ਹੈ।
10 ਦਿਨ ਹਿਰਾਸਤ ਦੀ ਮੰਗ: ਇਸ ਤੋਂ ਇਲਾਵਾ ਦਿੱਲੀ ਸ਼ਰਾਬ ਨੀਤੀ ਘਪਲੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਕੁਝ ਸਮਾਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਈਡੀ ਕੋਰਟ ਤੋਂ ਰਾਉਸ ਐਵੇਨਿਊ ਕੋਰਟ ਲਈ ਰਵਾਨਾ ਹੋਏ ਸਨ। ਮਾਹਿਰਾਂ ਅਨੁਸਾਰ ਈਡੀ ਦਫ਼ਤਰ ਤੋਂ ਰੌਜ਼ ਐਵੇਨਿਊ ਕੋਰਟ ਤੱਕ ਪਹੁੰਚਣ ਲਈ 20 ਤੋਂ 25 ਮਿੰਟ ਲੱਗਦੇ ਹਨ। ਈਡੀ ਨੇ ਇਸ ਮਾਮਲੇ ਵਿੱਚ ਕੇਜਰੀਵਾਲ ਦੀ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਹੈ।
ਵੱਖ -ਵੱਖ ਥਾਵਾਂ 'ਤੇ ਕੀਤੇ ਜਾ ਰਹੇ ਪ੍ਰਦਰਸ਼ਨ:ਇਥੇ ਦੱਸਣਯੋਗ ਹੈ ਕੀ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਹੁਣ ਤੱਕ 9 ਵਾਰ ਸੰਮਨ ਜਾਰੀ ਕੀਤੇ ਗਏ ਸਨ। ਪਰ ਬਾਵਜੂਦ ਇਸ ਦੇ ਅਰਵਿੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਵੱਲੋਂ ਦੇਰ ਰਾਤ ਅਰਵਿੰਦ ਕੇਜਰੀਵਾਲ ਨੂੰ ਗਿਰਫਤਾਰ ਕਰ ਉਹਨਾਂ ਨੂੰ ਲੈ ਕੇ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਇੱਕ ਵੱਡਾ ਜਥਾ ਅੱਜ ਦਿੱਲੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਬਾਹਰ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੋਂ ਰਵਾਨਾ ਹੋਇਆ। ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਪ੍ਰਦਰਸ਼ਨਾਂ ਰਾਹੀਂ ਮੋਦੀ ਸਰਕਾਰ ਅਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਿੱਥੋਂ ਤੱਕ ਕਾਮਯਾਬ ਰਹਿੰਦੀ ਹੈ।