ਅੰਮ੍ਰਿਤਸਰ:ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿੱਚ ਆਪਣਾ ਮੇਅਰ ਬਣਾਉਣ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ਦੀ ਮੇਅਰ ਚੋਣ ’ਚ ਹੇਰਾਫੇਰੀ ਦਾ ਦੋਸ਼ ਲਾਇਆ। ਉਨ੍ਹਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਆਗੂ ਓ.ਪੀ. ਸੋਨੀ ਵੀ ਮੌਜੂਦ ਸਨ।
'ਸਾਡੇ ਲੋਕਾਂ ਨੂੰ ਖਰੀਦਣ ਦੀ ਕੀਤੀ ਗਈ ਸੀ ਕੋਸ਼ਿਸ਼'
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ, ‘‘ਪਟਿਆਲਾ, ਲੁਧਿਆਣਾ ਅਤੇ ਫਿਰ ਹੁਣ ਅੰਮ੍ਰਿਤਸਰ ਵਿੱਚ ਮੇਅਰ ਚੋਣ ਵਿੱਚ ਜੋ ਹੋਇਆ ਉਹ ਪੂਰੀ ਦੁਨੀਆਂ ਨੇ ਦੇਖਿਆ ਹੈ। ਦੋ ਥਾਵਾਂ ’ਤੇ ਫਗਵਾੜਾ ਅਤੇ ਅੰਮ੍ਰਿਤਸਰ ਨੂੰ ਵੇਖੀਏ, ਤਾਂ ਉੱਥੇ ਸਾਡੀ ਬਹੁਮਤ ਆ ਗਈ ਸੀ, ਫਗਵਾੜਾ ਵੀ ਸਾਡੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੰਜ ਕੌਂਸਲਰਾਂ ’ਤੇ ਪਰਚੇ ਦਰਜ ਕੀਤੇ ਗਏ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਸਾਨੂੰ ਸਭ ਤੋਂ ਵੱਡਾ ਡਰ ਸੀ ਕਿ ਉਥੇ ਸੂਬਾ ਸਰਕਾਰ ਸਾਡੇ ਕੌਂਸਲਰਾਂ ਨੂੰ ਫੜਨ-ਫੜਾਉਣ ਵਿਚ ਲੱਗੀ ਹੋਈ ਸੀ। ਮੰਤਰੀ ਧਾਲੀਵਾਲ ਅਤੇ ਪ੍ਰਧਾਨ ਅਮਨ ਅਰੋੜਾ ਮੌਜੂਦ ਸਨ। ਇਸੇ ਕਰਕੇ ਡਾ. ਅੰਬੇਡ.ਕਰ ਦੀ ਮੂਰਤੀ ਦਾ ਮੁੱਦਾ ਉੱਠਿਆ ਹੈ। 26 ਜਨਵਰੀ ਵਾਲੇ ਦਿਨ ਅਜਿਹਾ ਮੁੱਦਾ ਉਠਣਾ ਇਸ ਦਾ ਮਤਲਬ ਸਾਫ਼ ਦਿਖ ਰਿਹਾ ਹੈ ਕਿ ਪੁਲਿਸ ਸੁੱਤੀ ਪਈ ਸੀ ਅਤੇ ਕੌਂਸਲਰ ਫੜਨ ਲੱਗੀ ਹੋਈ ਸੀ ਜਿਸ ਕਾਰਨ ਉਹ ਚੋਣ ਜਿੱਤ ਗਏ।
ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿੱਚ ਆਪਣਾ ਮੇਅਰ ਬਣਾਉਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਬੀਤੇ ਕੱਲ੍ਹ ਦਾ ਹੀ ਸੜਕਾਂ 'ਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਵੀ ਸਵੇਰ ਤੋਂ ਕਾਂਗਰਸ ਪਾਰਟੀ ਵੱਲੋਂ ਭੰਡਾਰੀ ਪੁੱਲ 'ਤੇ ਧਰਨਾ ਲਗਾਇਆ ਗਿਆ ਹੈ। ਇਸ ਮੌਕੇ ਧਰਨੇ ਵਿੱਚ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਤੇ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਪੱਪੂ ਤੇ ਹੋਰ ਵੀ ਕਈ ਕਾਂਗਰਸੀ ਆਗੂ ਸ਼ਾਮਿਲ ਸਨ।
ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਲਗਾ ਦਿੱਤਾ ਧਰਨਾ (Etv Bharat) 'ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ'
ਇਸ ਧਰਨੇ ਵਿੱਚ ਜਿੱਤੇ ਹੋਏ ਕਾਂਗਰਸ ਦੇ ਸਾਰੇ ਕੌਂਸਲਰ ਵੀ ਮੌਜੂਦ ਸਨ। ਇਸ ਮੌਕੇ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ ਤੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ 41 ਕੌਂਸਲਰ ਮੌਜੂਦ ਸਨ ਜਦਕਿ ਇੰਨ੍ਹਾਂ ਦੇ ਕੋਲ 24 ਦੇ ਕਰੀਬ ਕੌਂਸਲਰ ਸਨ ਪਰ ਫਿਰ ਵੀ ਇਨ੍ਹਾਂ ਵੱਲੋਂ ਧੱਕੇ ਦੇ ਨਾਲ ਆਪਣਾ ਨਗਰ ਨਿਗਮ ਦਾ ਮੇਅਰ ਬਣਾ ਲਿਆ ਗਿਆ ਹੈ, ਜੋ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇ ਖਿਲਾਫ਼ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ, ਜਿਸ ਤੋਂ ਬਾਅਦ ਅਸੀਂ ਦੁਬਾਰਾ ਆਪਣਾ ਮੇਅਰ ਬਣਾਵਾਂਗੇ।
'ਪੰਜਾਬ ਦੇ ਗਵਰਨਰ ਨੂੰ ਦੇਵਾਂਗੇ ਮੰਗ ਪੱਤਰ'
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਾਨੂੰ ਹਾਈ ਕੋਰਟ 'ਤੇ ਪੂਰਾ ਭਰੋਸਾ ਹੈ। ਅੱਜ ਅਸੀਂ ਪੰਜਾਬ ਦੇ ਗਵਰਨਰ ਨੂੰ ਵੀ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਸੀਂ ਮੀਡਿਆ ਨੂੰ ਅਪੀਲ ਕਰਦੇ ਹਾਂ ਕੀ ਸੱਚਾਈ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਚੋਣ ਤੋਂ ਹੀ ਆਮ ਆਦਮੀ ਪਾਰਟੀ ਵੱਲੋਂ ਮੇਅਰ ਦਾ ਐਲਾਨ ਕਰ ਦਿੱਤਾ ਗਿਆ।
'ਕੁੰਭ ਕਰਨੀ ਨੀਂਦ ਸੁੱਤੇ ਪਏ ਹਨ ਮੁੱਖ ਮੰਤਰੀ'
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਅੱਗੇ ਹੀ ਬੁਰਾ ਹਾਲ ਹੋਇਆ ਪਿਆ ਹੈ, ਪਰ ਮੁੱਖ ਮੰਤਰੀ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕੱਲ੍ਹ ਵੀ ਆਮ ਆਦਮੀ ਪਾਰਟੀ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਤੇ ਪ੍ਰਸ਼ਾਸਨ ਵੀ ਇਨ੍ਹਾਂ ਦੇ ਨਾਲ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦਾ ਰਿਹਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ-ਕਾਂਗਰਸੀ ਇੱਕ ਪਾਸੇ ਸੀ ਤੇ ਆਮ ਆਦਮੀ ਪਾਰਟੀ ਇੱਕ ਪਾਸੇ ਸੀ।