ਕੁਲਦੀਪ ਧਾਲੀਵਾਲ ਜਵਾਬ ਦਿੰਦੇ ਹੋਏ (ETV BHARAT) ਅੰਮ੍ਰਿਤਸਰ :ਲੋਕ ਸਭਾ ਚੋਣਾਂ ਦੇ ਚੱਲਦੇ ਹਰ ਸਿਆਸੀ ਲੀਡਰ ਆਪਣੇ ਪ੍ਰਚਾਰ 'ਚ ਡਟਿਆ ਹੋਇਆ ਹੈ। ਇਸ ਦੇ ਚੱਲਦੇ ਉਨ੍ਹਾਂ ਵਲੋਂ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਵਿਚਾਲੇ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਦੀ ਅਜਨਾਲਾ ਰੈਲੀ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਔਜਲਾ ਦਾ ਇਲਜ਼ਾਮ ਸੀ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਕੈਬਨਿਟ ਮੰਤਰੀ ਅਤੇ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦਾ ਰਿਸ਼ਤੇਦਾਰ ਹੈ।
ਧਾਲੀਵਾਲ ਨੇ ਇਲਜ਼ਾਮ ਨਕਾਰੇ: ਇਸ ਨੂੰ ਲੈਕੇ ਹੁਣ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਆਪਣਾ ਜਵਾਬ ਦਿੱਤਾ ਗਿਆ ਹੈ। ਕੁਲਦੀਪ ਸਿੰਘ ਧਾਰੀਵਾਲ ਦਾ ਕਹਿਣਾ ਹੈ ਕਿ ਜੋ ਗੁਰਜੀਤ ਸਿੰਘ ਔਜਲਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਗੋਲੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਚਲਾਈ ਗਈ ਹੈ ਉਹ ਸਰਾਸਰ ਗਲਤ ਹੈ ਕਿਉਂਕਿ ਉਹਨਾਂ ਦੇ ਕੋਈ ਵੀ ਪਰਿਵਾਰਿਕ ਮੈਂਬਰ ਉਸ ਪਿੰਡ ਵਿੱਚ ਨਹੀਂ ਰਹਿੰਦਾ। ਉਹਨਾਂ ਨੇ ਕਿਹਾ ਕਿ ਗੋਲੀ ਚਲਾਉਣ ਦੀ ਪਿਰਤ ਜੋ ਹੈ, ਉਹ ਸਿਰਫ਼ ਕਾਂਗਰਸ ਕੋਲ ਹੈ। ਉਹਨਾਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਸਿਰਫ਼ ਤੇ ਸਿਰਫ਼ ਸਿਆਸਤ ਖੇਡ ਰਹੇ ਹਨ, ਹੋਰ ਕੁਝ ਨਹੀਂ ਹੈ।
ਗੁੰਡਾਗਰਦੀ ਕਾਂਗਰਸੀਆਂ ਦਾ ਕੰਮ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਿਨਾਂ ਸੋਚੇ ਸਮਝੇ ਗੁਰਜੀਤ ਸਿੰਘ ਔਜਲਾ ਉਨ੍ਹਾਂ ਨੂੰ ਇਸ ਲੜਾਈ ਨਾ ਜੋੜ ਰਹੇ ਹਨ, ਜਦਕਿ ਉਨ੍ਹਾਂ ਦਾ ਇਸ 'ਚ ਕੋਈ ਹੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਅਜਿਹੀਆਂ ਘਟੀਆ ਕਾਰਵਾਈਆਂ ਨਹੀਂ ਕਰਦਾ ਤੇ ਉਝ ਵੀ ਗੁੰਡਾਗਰਦੀ ਕਰਨਾ ਕਾਂਗਰਸੀਆਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਸਾਡਾ ਇਸ ਲੜਾਈ ਝਗੜੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਅਫ਼ਸਰਾਂ ਨੂੰ ਵੀ ਉਨ੍ਹਾਂ ਹਦਾਇਤ ਕਰ ਦਿੱਤੀ ਹੈ ਕਿ ਜਿਸ ਨੇ ਵੀ ਇਹ ਗੁੰਡਾਗਰਦੀ ਕੀਤੀ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਪਹਿਲਾਂ ਵੀ ਹੋ ਚੁੱਕੀ ਅਜਿਹੀ ਘਟਨਾ:ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਜਦੋਂ ਗੁਰਜੀਤ ਸਿੰਘ ਔਜਲਾ ਵੱਲੋਂ ਮੋਟਰਸਾਈਕਲ ਰੋਡ ਸ਼ੋਅ ਕੱਢਿਆ ਜਾਣਾ ਸੀ ਤਾਂ ਉਸ ਵੇਲੇ ਵੀ ਗੁਰਜੀਤ ਸਿੰਘ ਔਜਲਾ ਦੇ ਉੱਤੇ ਇਸੇ ਤਰ੍ਹਾਂ ਹੀ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਕਾਂਗਰਸ ਪਾਰਟੀ ਵੱਲੋਂ ਇਸ ਚੋਣ ਮੁਹਿੰਮ ਵਿੱਚ ਖੜਾ ਕੀਤਾ ਗਿਆ ਸੀ ਅਤੇ ਉਹਨਾਂ ਵੱਲੋਂ ਭਾਰੀ ਬਹੁਮਤ ਨਾਲ ਆਪਣੀ ਸੀਟ ਜਿੱਤੀ ਸੀ। ਉੱਥੇ ਹੁਣ ਇੱਕ ਵਾਰ ਫਿਰ ਤੋਂ ਗੁਰਜੀਤ ਸਿੰਘ ਔਜਲਾ ਦੇ ਉੱਤੇ ਹੋਏ ਅਜਨਾਲਾ ਵਿੱਚ ਹੀ ਹਮਲੇ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਉਂਦੀ ਹੋਏ ਨਜ਼ਰ ਆ ਰਹੀ ਹੈ ਅਤੇ ਗੁਰਜੀਤ ਸਿੰਘ ਔਜਲਾ ਵੱਲੋਂ ਸਾਫ ਕੁਲਦੀਪ ਸਿੰਘ ਧਾਲੀਵਾਲ ਦਾ ਇਸ ਗੋਲੀ ਦੇ ਪਿੱਛੇ ਹੱਥ ਦੱਸਿਆ ਜਾ ਰਿਹਾ ਹੈ।