ਕਪੂਰਥਲਾ :ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਤਲਵੰਡੀ ਚੌਧਰੀਆਂ ਟਿੱਬਾ ਰੋਡ ’ਤੇ ਪੈਂਦੇ ਪਿੰਡ ਅਮਰਕੋਟ ਨੇੜੇ ਸੋਮਵਾਰ ਦੇਰ ਰਾਤ ਦੋ ਵਾਹਨਾਂ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਸੀ.ਐਚ.ਸੀ ਟਿੱਬਾ ਵਿਖੇ ਦਾਖਲ ਕਰਵਾਇਆ ਗਿਆ। ਉਥੇ ਹੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਠਾਣੇ ਦਾ ਘਿਰਾਓ ਕੀਤਾ ਗਿਆ ਹੈ ਅਤੇ ਇਸ ਮਾਮਲੇ ਨੇ ਨਵਾਂ ਮੌੜ ਲੈ ਲਿਆ ਹੈ, ਅੱਜ ਮ੍ਰਿਤਕ ਸਾਹਿਲ ਪੁੱਤਰ ਕੁਲਦੀਪ ਸਿੰਘ ਨਿਵਾਸੀ ਬਿਧੀਪੁਰ ਦੇ ਪਰਿਵਾਰਿਕ ਮੈਂਬਰਾਂ ਨੇ ਸਾਹਿਲ ਦੀ ਲਾਸ਼ ਨੂੰ ਥਾਣਾ ਤਲਵੰਡੀ ਚੌਧਰੀਆ ਦੇ ਬਾਹਰ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ 'ਤੇ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ।
ਪਰਿਵਾਰ ਨੇ ਕਤਲ ਦਾ ਜਤਾਇਆ ਖ਼ਦਸ਼ਾ :ਉਹਨਾਂ ਨੇ ਕਿਹਾ ਕਿ ਸਾਡੇ ਸਾਹਿਲ ਦਾ ਐਕਸੀਡੈਂਟ ਨਹੀਂ ਹੋਇਆ ਹੈ। ਉਸ ਦਾ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕਤਲ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਾਹਿਲ ਟਿੱਬਾ ਵਿਖੇ ਇੱਕ ਨਾਈ ਦੀ ਦੁਕਾਨ ਤੇ ਕੰਮ ਕਰਦਾ ਸੀ ,ਜਿੱਥੇ ਪਿੰਡ ਦੇ ਹੀ ਨੌਜਵਾਨਾਂ ਨੇ ਉਸਨੂੰ ਨਾਲ ਲੈ ਕੇ ਚਲੇ ਗਏ ।ਜਿਸ ਤੋਂ ਬਾਅਦ ਉਸ ਨਾਲ ਇਹ ਘਟਨਾ ਵਾਪਰੀ ਹੈ, ਉਹਨਾਂ ਨੇ ਕਿਹਾ ਕਿ ਉਸ ਦੇ ਮੂੰਹ 'ਤੇ ਤੇਜਧਾਰ ਹਥਿਆਰਾ ਨਾਲ ਵੱਜੇ ਕੱਟਾ ਦੇ ਨਿਸ਼ਾਨ ਵੀ ਹਨ । ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਸ ਦਾ ਕਤਲ ਹੋਇਆ ਹੈ। ਉਹਨਾਂ ਨੇ ਪੁਲਿਸ ਤੋਂ ਮੁਲਜ਼ਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਫਤਾਰ ਕਰਨ ਦੀ ਵੀ ਮੰਗ ਕੀਤੀ ਹੈ। ਖਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਲਗਾਤਾਰ ਜਾਰੀ ਸੀ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮਾਮਲੇ ਚ ਬਣਦੀ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਮ੍ਰਿਤਕ ਦੇਹ ਨਹੀਂ ਚੁੱਕੀ ਜਾਵੇਗੀ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ।