ਅੰਮ੍ਰਿਤਸਰ:ਇੱਕ ਪਾਸੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੁਲਿਸ ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਵਧਾ ਕੇ ਫਲੈਗ ਮਾਰਚ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ, ਲੇਕਿਨ ਪੁਲਿਸ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ ਥਾਣਾ ਗੇਟ ਹਕੀਮਾਂ ਪੁਲਿਸ ਸਟੇਸ਼ਨ ਦੇ ਗੇਟ ਅੱਗੇ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਉਥੋਂ ਫਰਾਰ ਹੋ ਗਏ ਅਤੇ ਪੁਲਿਸ ਕੁਛ ਵੀ ਨਾ ਕਰ ਸਕੀ। ਉਥੇ ਹੀ ਥਾਣੇ ਦੇ ਬਾਹਰ ਹੀ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਪਹਿਲਾਂ ਵੀ ਹੋਇਆ ਸੀ ਅਗਵਾ: ਇਸ ਸਬੰਧ ਵਿੱਚ ਮ੍ਰਿਤਕ ਨੌਜਵਾਨ ਰਾਜਵੀਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਅੱਜ ਉਹਨਾਂ ਨੇ ਇੱਕ ਨਵਾਂ ਪਲਾਟ ਖਰੀਦਿਆ ਸੀ ਅਤੇ ਉਸਦੀ ਰਜਿਸਟਰੀ ਕਰਾ ਕੇ ਉਹ ਆਪਣੇ ਘਰ ਪਹੁੰਚੇ ਤਾਂ ਉਸਦਾ ਬੇਟਾ ਆਪਣੇ ਕਿਸੇ ਕੰਮ ਲਈ ਗਿਆ ਸੀ ਤਾਂ ਉਸ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਥਾਣੇ ਦੇ ਬਾਹਰ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ। ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸਦੇ ਬੇਟੇ ਨੂੰ ਕਿਡਨੈਪ ਵੀ ਕੀਤਾ ਗਿਆ ਸੀ ਤਾਂ ਉਸ ਦੌਰਾਨ ਕਿਡਨੈਪਰਾਂ ਵੱਲੋਂ ਉਸ ਕੋਲੋਂ ਤਿੰਨ ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਸੀ ਅਤੇ 3 ਲੱਖ ਰੁਪਏ ਦੇ ਕੇ ਉਹਨਾਂ ਨੇ ਆਪਣੇ ਬੇਟੇ ਦੀ ਜਾਨ ਬਚਾਈ ਸੀ। ਅੱਜ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਠਾਣੇ ਦੇ ਬਾਹਰ ਉਸਦੇ ਬੇਟੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉੱਥੇ ਹੀ ਮ੍ਰਿਤਿਕ ਨੌਜਵਾਨ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹ ਇਨਸਾਫ ਦੀ ਗੁਹਾਰ ਲਗਾ ਰਹੇ ਹਨ।