ਬਰਨਾਲਾ:ਜ਼ਿਲ੍ਹੇ ਦੇ ਪਿੰਡ ਮੱਝੂਕੇ ਵਿਖੇ ਘਰ ਵਿੱਚ ਦਾਖ਼ਲ ਹੋ ਕੇ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ। ਪਿੰਡ ਦੇ ਹੀ ਕੁੱਝ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਆਪਸੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲਾ ਕੀਤਾ ਗਿਆ। ਜ਼ਖ਼ਮੀ ਹਾਲਤ ਵਿੱਚ ਨੌਜਵਾਨ ਨੂੰ ਭਦੌੜ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸਦੇ ਹੱਥ ਦੀਆਂ ਉਂਗਲੀਆਂ ਵੱਢੀਆਂ ਹੋਣ ਦੇ ਚੱਲਦਿਆਂ ਡਾਕਟਰਾਂ ਨੇ ਅੱਗੇ ਰੈਫ਼ਰ ਕਰ ਦਿੱਤਾ ਹੈ। ਉੱਥੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਪੀੜਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਕੁੱਝ ਲੋਕਾਂ ਨਾਲ ਚੱਲ ਰਹੀ ਸੀ ਰੰਜਿਸ਼
ਇਸ ਮੌਕੇ ਜ਼ਖਮੀ ਵਿਅਕਤੀ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੱਝੂਕੇ ਦਾ ਰਹਿਣ ਵਾਲਾ ਹੈ। ਉਸਦੀ ਪਿੰਡ ਦੇ ਹੀ ਕੁੱਝ ਲੋਕਾਂ ਨਾਲ ਰੰਜਿਸ਼ ਚੱਲ ਰਹੀ ਹੈ। ਇਸਦੇ ਚੱਲਦਿਆਂ ਵਿਰੋਧੀ ਧਿਰ ਦੇ ਲੋਕਾਂ ਨਾਲ ਤੇਜ਼ਧਾਰ ਹਥਿਆਰ ਲੈ ਕੇ ਉਸ ਉਪਰ ਹਮਲਾ ਕਰ ਦਿੱਤਾ। ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਹੈ। ਉਹਨਾਂ ਕਿਹਾ ਕਿ ਚਾਰ ਲੋਕਾਂ ਨੇ ਇਹ ਹਮਲਾ ਕੀਤਾ ਹੈ। ਇਸਤੋਂ ਪਹਿਲਾਂ ਵੀ ਉਹ ਬਚ-ਬਚ ਕੇ ਆਪਣਾ ਸਮਾਂ ਲੰਘਾ ਰਿਹਾ ਸੀ। ਅੱਜ ਉਹਨਾਂ ਨੇ ਉਸਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਉਪਰ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਉਹ ਸ਼ੈਲਰ ਵਿੱਚ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।