ਸੰਗਰੂਰ : ਕਹਿੰਦੇ ਨੇ ਪੰਜਾਬੀ ਜਿਥੇ ਹੁੰਦੇ ਨੇ ਇੱਕ ਨਵਾਂ ਜਹਾਨ ਬਣਾਉਂਦੇ ਨੇ, ਪਰ ਅੱਜ ਕਲ ਪੰਜਾਬੀ ਨੌਜਵਾਨ ਨਵਾਂ ਕਮਾਲ ਕਰ ਰਹੇ ਨੇ। ਵਿਦੇਸ਼ੀ ਧਰਤੀ 'ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲਿਆਂ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਨਾਮ ਸ਼ਾਮਿਲ ਹੋਇਆ ਹੈ। ਇਹ ਨੌਜਵਾਨ ਹੈ ਸੰਗਰੂਰ ਦਾ ਕੁਲਜੀਤ ਸਿੰਘ ਜੋ ਕਿ ਇੱਥੋਂ ਨੇੜਲੇ ਪਿੰਡ ਬਿਜਲਪੁਰ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਹੈ। ਕੁਲਜੀਤ ਸਿੰਘ ਨੇ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਖੇਡਾਂ 'ਚ ਕੀਤਾ ਸੀ ਨਾਮ ਰੌਸ਼ਨ: ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਜੋ ਕਿ ਪਿੰਡ ਦੇ ਸਾਬਕਾ ਸਰਪੰਚ ਹਨ ਅਤੇ ਮਾਤਾ ਹਰਬੰਸ ਕੌਰ ਨੇ ਪੁੱਤਰ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਕੁਲਜੀਤ ਸਿੰਘ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਰੂਚੀ ਰੱਖਦਾ ਸੀ ਅਤੇ ਖਾਸ ਕਰ ਕੇ ਕਬੱਡੀ ਖੇਡਣ ਦਾ ਬਹੁਤ ਸ਼ੌਂਕੀਨ ਸੀ। ਮਾਪਿਆਂ ਨੇ ਦੱਸਿਆ ਕਿ ਕੁਲਜੀਤ ਸਿੰਘ 2018 ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਕਨੇਡਾ ਵਿੱਚ ਗਿਆ ਸੀ। ਉੱਥੇ ਉਹਨੇ ਪੜ੍ਹਾਈ ਕੀਤੀ ਅਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਹਿੱਸੇ ਲੈਂਦਾ ਰਿਹਾ। ਖਿਡਾਰੀ ਹੋਣ ਸਦਕਾ ਹੀ ਉਸ ਨੂੰ ਪੁਲਿਸ ਵਿੱਚ ਨੌਕਰੀ ਮਿਲ ਗਈ। ਮਾਪਿਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਨੇ ਟ੍ਰੇਨਿੰਗ ਤੋਂ ਬਾਅਦ ਕੈਨੇਡਾ ਦੇ ਲੈਥ ਬਰਿੱਜ ਸ਼ਹਿਰ ਵਿਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਉਸ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਖੁਸ਼ੀ ਹੈ, ਉੱਥੇ ਦੁੱਖ ਵੀ ਹੈ ਕਿ ਜੇ ਸਰਕਾਰ ਇਸ ਨੂੰ ਇੱਥੇ ਹੀ ਨੌਕਰੀ ਦਿੰਦੀ ਤਾਂ ਉਸ ਨੂੰ ਬਾਹਰ ਨਾ ਜਾਣਾ ਪੈਂਦਾ ਅਤੇ ਅੱਜ ਇਹੀ ਖੁਸ਼ੀ ਦੁਗਣੀ ਚੌਗੁਣੀ ਹੋਣੀ ਸੀ।