ਬਰਨਾਲਾ:ਜ਼ਿਲ੍ਹਾ ਬਰਨਾਲਾ ਵਿਖੇ ਪਤਨੀ ਤੋਂ ਦੁਖੀ ਹੋ ਕੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ। ਇਹ ਮਾਮਲਾ ਬਰਨਾਲਾ ਦੇ ਪਿੰਡ ਫਤਹਿਗੜ੍ਹ ਛੰਨਾ ਦਾ ਹੈ। ਮ੍ਰਿਤਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ। ਜਿਸ ਵਿਚ ਉਹ ਆਪਣੀ ਮੌਤ ਲਈ ਆਪਣੀ ਪਤਨੀ ਅਤੇ ਸੱਸ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਘਰ ਦਾ ਇਕਲੌਤਾ ਪੁੱਤ:ਪਿੰਡ ਫਤਿਹਗੜ੍ਹ ਛੰਨਾ ਦੇ ਰਹਿਣ ਵਾਲੇ ਗੁਰਦਾਸ ਸਿੰਘ ਪੁੱਤਰ ਬਲੌਰ ਸਿੰਘ ਘਰ ਦਾ ਇਕਲੌਤਾ ਪੁੱਤ ਸੀ। ਜੋ ਆਪਣੇ ਹਿੱਸੇ ਆਉਂਦੀ ਡੇਢ ਏਕੜ ਦੀ ਜ਼ਮੀਨ ਵਿੱਚ ਖੇਤੀ ਕਰਕੇ ਆਪਣੇ ਪਰਿਵਾਰ ਨਾਲ ਸਹਿਯੋਗ ਕਰਦਾ ਸੀ, ਜਿਸਦੇ ਮਾਪਿਆਂ ਵੱਲੋਂ ਆਪਣੇ ਇਕਲੌਤੇ ਪੁੱਤ ਦਾ ਚਾਵਾਂ ਨਾਲ 2015 ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੀਮਸਾ ਦੀ ਰਹਿਣ ਵਾਲੀ ਨਵਦੀਪ ਕੌਰ ਨਾਲ ਕਰਵਾ ਦਿੱਤਾ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮ੍ਰਿਤਕ ਦੀ ਪਤਨੀ ਅਤੇ ਸੱਸ ਕਾਰਨ ਪਰਿਵਾਰ ਵਿੱਚ ਕਲੇਸ਼ ਹੋਣ ਲੱਗ ਪਿਆ ਅਤੇ ਵਾਰ-ਵਾਰ ਨਵਦੀਪ ਕੌਰ ਨੂੰ ਆਪਣੀ ਧੀ ਸਮਝਣ ਵਾਲੀ ਗੁਰਦਾਸ ਦੀ ਮਾਂ ਵੱਲੋਂ ਉਸ ਨੂੰ ਸਮਝਾ-ਬੁਝਾਕੇ ਘਰ ਲੈ ਆਉਂਦੀ ਪਰ ਆਖ਼ਿਰਕਾਰ 2020 ਵਿੱਚ ਦੋਵੇਂ ਅਲੱਗ ਹੋ ਗਏ, ਜਿੱਥੇ ਮ੍ਰਿਤਕ ਦੀ ਪਤਨੀ ਨਵਦੀਪ ਕੌਰ ਨੇ ਆਪਣੇ ਪਤੀ ਗੁਰਦਾਸ ਸਿੰਘ ਅਤੇ ਉਸਦੇ ਮਾਤਾ-ਪਿਤਾ ਖ਼ਿਲਾਫ਼ ਦਾਜ ਦਹੇਜ ਦਾ ਇੱਕ ਝੂਠਾ ਮੁਕੱਦਮਾ ਦਰਜ ਕਰਾ ਦਿੱਤਾ ਪਰ ਮ੍ਰਿਤਕ ਨੌਜਵਾਨ ਗੁਰਦਾਸ ਸਿੰਘ ਨੇ ਫਿਰ ਵੀ ਆਪਣੇ 8 ਸਾਲ ਦੇ ਪੁੱਤ ਦੀ ਜ਼ਿੰਦਗੀ ਖਰਾਬ ਨਾ ਹੋਣ ਦੇ ਚੱਲਦਿਆਂ ਆਪਣੀ ਪਤਨੀ ਨਵਦੀਪ ਕੌਰ ਨੂੰ ਘਰ ਵਸਾਉਣ ਲਈ ਸਮਝਾਉਂਦਾ ਰਿਹਾ।
ਝੂਠੇ ਪਰਚੇ ਤੋਂ ਪਰੇਸ਼ਾਨ:ਗੁਰਦਾਸ ਸਿੰਘ ਦੇ ਸਹੁਰਿਆਂ ਵੱਲੋਂ 20 ਲੱਖ ਰੁਪਏ ਦੀ ਮੰਗ ਕਰਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕ ਗੁਰਦਾਸ ਸਿੰਘ ਨੇ ਆਪਣੇ 'ਤੇ ਹੋਏ ਝੂਠੇ ਮੁਕਦਮੇ ਨੂੰ ਦਰਜ ਹੋਣ ਸਮੇਤ ਆਪਣੇ ਪੁੱਤ ਨੂੰ ਵੱਖ ਕਰਨ ਦੇ ਚੱਲਦਿਆਂ ਤੰਗ ਪਰੇਸ਼ਾਨ ਹੋਕੇ ਅਖੀਰ ਗੁਰਦਾਸ ਸਿੰਘ ਨੂੰ ਮਜਬੂਰੀ ਨਾਲ ਖੁਦਕੁਸ਼ੀ ਦਾ ਰਾਹ ਅਪਣਾਉਣਾ ਪਿਆ। ਜਿੱਥੇ ਉਸ ਨੇ ਆਪਣੇ ਘਰ ਦੇ ਵਿੱਚ ਹੀ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਅਤੇਮੌਕੇ 'ਤੇ ਬਣਾਈ ਹੋਈ ਵੀਡੀਓ ਵਿੱਚ ਆਪਣੀ ਪਤਨੀ ਅਤੇ ਆਪਣੀ ਸੱਸ ਨੂੰ ਆਪਣੀ ਮੌਤ ਦਾ ਜਿੰਮੇਦਾਰ ਦੱਸਿਆ।