ਮੀਂਹ ਹਨੇਰੀ 'ਚ ਕਵਰੇਜ ਕਰਨ ਗਏ ਪਟਿਆਲਾ ਦੇ ਸੀਨੀਅਰ ਪੱਤਰਕਾਰ 'ਤੇ ਡਿੱਗਿਆ ਖੰਭਾ (Etv Bharat Reporter) ਪਟਿਆਲਾ:ਬੀਤੀ ਰਾਤ ਪੰਜਾਬ 'ਚ ਆਏ ਤੂਫਾਨ ਨੇ ਜਿੱਥੇ ਭਾਰੀ ਨੁਕਸਾਨ ਕੀਤਾ, ਉੱਥੇ ਹੀ ਇਸ ਝੱਖੜ ਨੇ ਪਟਿਆਲਾ ਦੇ ਇੱਕ ਪੱਤਰਕਾਰ ਦੀ ਜਾਨ ਲੈ ਲਈ। ਮ੍ਰਿਤਕ ਪੱਤਰਕਾਰ ਦੀ ਪਛਾਣ ਅਵਿਨਾਸ਼ ਕੰਬੋਜ ਵਜੋਂ ਹੋਈ ਹੈ। ਅਵਿਨਾਸ਼ ਕੰਬੋਜ ਪਿਛਲੇ ਕਈ ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਸਨ।
ਇਹ ਪੂਰਾ ਮਾਮਲਾ ਪਟਿਆਲੇ ਦੇ ਆਰਿਆ ਸਮਾਜ ਪਾਰਕ ਦਾ ਹੈ, ਜਿਸ ਨੂੰ ਟੈਂਕੀ ਵਾਲਾ ਪਾਰਕ ਵੀ ਕਿਹਾ ਜਾਂਦਾ ਹੈ। ਅਵਿਨਾਸ਼ ਕੰਬੋਜ ਇਸ ਜਗ੍ਹਾ 'ਤੇ ਕਵਰੇਜ ਕਰ ਰਹੇ ਸਨ ਕਿ ਇੱਕ ਲਾਈਟਾਂ ਵਾਲਾ ਖੰਭਾ ਉਨ੍ਹਾਂ ਦੇ ਸਿਰ 'ਤੇ ਗਿਰ ਗਿਆ। ਜਿਸ ਕਾਰਨ ਉਸ ਦੇ ਸਿਰ 'ਤੇ ਡੂੰਗੀ ਸੱਟ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦੇ ਦਿੱਤਾ।
ਈਟੀਵੀ ਭਾਰਤ ਵਿੱਚ ਸਟਿੰਗਰ ਵੱਜੋਂ ਕਰ ਰਹੇ ਸੀ ਕੰਮ:ਦੱਸ ਦੇਈਏ ਅਵਿਨਾਸ਼ ਕੰਬੋਜ਼ ਈਟੀਵੀ ਭਾਰਤ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਟਿੰਗਰ ਵੱਜੋਂ ਕੰਮ ਕਰ ਰਹੇ ਸੀ। ਇਸਦੇ ਨਾਲ ਹੀ ਉਹ ANI, ਸਪੋਕਸਮੈਨ ਵਰਗੇ ਚੈਨਲਾਂ ਵਿੱਚ ਵੀ ਪੱਤਰਕਾਰੀ ਦੀ ਸੇਵਾ ਨਿਭਾ ਰਹੇ ਸਨ। ਜਿਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਘਰ ਵਿੱਚ ਇਕਲੌਤਾ ਕਮਾਉਣ ਵਾਲਾ ਸੀ ਅਵਿਨਾਸ਼:ਅਵਿਨਾਸ਼ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ ਅਤੇ ਅਵਿਨਾਸ਼ ਦੇ ਦੇਹਾਂਤ ਕਾਰਨ ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਦੱਸ ਦੇਈਏ ਕਿ ਬੀਤੀ ਰਾਤ ਪੰਜਾਬ ਵਿੱਚ ਤੇਜ਼ ਹਨੇਰੀ ਅਤੇ ਮੀਂਹ ਪਿਆ, ਜਿਸ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਪੱਤਰਕਾਰ ਭਾਈਚਾਰੇ ਵਿੱਚ ਰੋਸ: ਅਵਿਨਾਸ਼ ਦੀ ਮੌਤ ਖਬਰ ਸੁਣ ਕੇ ਪਟਿਆਲੇ ਦੇ ਸਾਰੇ ਹੀ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਸ਼ਹਿਰ ਦੇ ਦਿੱਗਜਾਂ ਨੂੰ ਜਿਵੇਂ-ਜਿਵੇਂ ਇਹ ਗੱਲ ਪਤਾ ਲੱਗਦੀ ਜਾ ਰਹੀ ਉਹ ਉਸੇ ਵੇਲੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਪਹੁੰਚ ਰਹੇ ਹਨ।
ਮੌਕੇ 'ਤੇ ਪਹੁੰਚੇ ਸਾਂਸਦ ਧਰਮਵੀਰ ਗਾਂਧੀ: ਇਸੇ ਦੌਰਾਨ ਪਟਿਆਲਾ ਤੋਂ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ ਆਸ਼ਵਾਸਨ ਦਿੱਤਾ ਤੇ ਕਿਹਾ ਕਿ ਮੈਂ ਪ੍ਰਸ਼ਾਸਨ ਨਾਲ ਗੱਲ ਕਰਾਂਗਾ ਤੇ ਜਿਹੜੀ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਕਿ ਅਵਿਨਾਸ਼ ਕੰਬੋਜ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਸਦੇ ਪਰਿਵਾਰ ਨੂੰ ਬਣਦਾ ਮੁਆਵਜਾ ਮਿਲਣਾ ਚਾਹੀਦਾ ਹੈ। ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਨਿਖੇਦੀ ਕਰਦਾ ਹਾਂ ਕਿ ਉਨ੍ਹਾਂ ਵਿੱਚੋਂ ਮੌਕੇ 'ਤੇ ਕੋਈ ਵੀ ਨਹੀਂ ਪਹੁੰਚਿਆ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਟਵੀਟ
ਇਸੇ ਤਹਿਤ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਕਿ ਪਟਿਆਲਾ ਵਿਖੇ ANI ਦੇ ਪੱਤਰਕਾਰ ਸ਼੍ਰੀ ਅਵਿਨਾਸ਼ ਕੰਬੋਜ ਜੀ ਦੀ ਸਿਰ ਵਿੱਚ ਟਰੈਫਿਕ ਲਾਈਟ ਦਾ ਖੰਭਾ ਵੱਜਣ ਕਾਰਨ ਮੌਤ ਹੋ ਗਈ ਹੈ। ਇਸ ਤਰ੍ਹਾਂ ਦਾ ਹਾਦਸਾ ਸਰਕਾਰ ਦੀ ਅਣਗਹਿਲੀ ਨੂੰ ਦਰਸਾਉਂਦਾ ਹੈ।ਉਹ ਇੱਕ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤੇ ਆਪਣੇ ਪਿੱਛੇ ਤਿੰਨ ਬੱਚੇ ਵੀ ਛੱਡ ਗਏ ਹਨ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਬੱਚਿਆਂ ਦੀ ਦੇਖ ਰੇਖ ਲਈ ਮੁਆਵਜ਼ਾ ਤੁਰੰਤ ਪ੍ਰਭਾਵ ਨਾਲ ਜਾਰੀ ਕੀਤਾ ਜਾਵੇ। ਪਰਮਾਤਮਾ ਉਹਨਾਂ ਦੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।