ਪੰਜਾਬੀ ਨੌਜਵਾਨ ਬਣਿਆ ਅਮਰੀਕਾ ਦੀ ਏਅਰਲਾਈਨ ਦਾ ਪਾਇਲਟ ਪਠਾਨਕੋਟ:ਪੰਜਾਬੀ ਚਾਹੇ ਦੁਨੀਆ ਦੇ ਕਿਸੇ ਕੋਨੇ 'ਚ ਚਲੇ ਜਾਣ ਆਪਣੀ ਮਿਹਨਤ ਅਤੇ ਆਪਣੇ ਜਜ਼ਬੇ ਨਾਲ ਉਥੇ ਕਾਬਜ ਹੋ ਹੀ ਜਾਂਦੇ ਹਨ ਅਤੇ ਅਜਿਹਾ ਹੀ ਕੁਝ ਅਮਰੀਕਾ ਵਿੱਚ ਇੱਕ ਨੌਜਵਾਨ ਨੇ ਕਰ ਵਿਖਾਇਆ ਹੈ। ਪਠਾਨਕੋਟ ਦੇ ਨੌਜਵਾਨ ਨੇ ਜਿਹੜਾ ਘਰੋਂ ਸੁਪਨਿਆਂ ਦੀ ਪੰਡ ਬਣ ਅਮਰੀਕਾ ਗਿਆ, ਪਰ ਉਥੇ ਜਾ ਉਸ ਨੂੰ ਪਤਾ ਲਗਿਆ ਕਿ ਬਾਹਰੀ ਮੁਲਕਾਂ ਦੀ ਜਿੰਦਗੀ ਜਿੰਨੀ ਸੁਖਾਲੀ ਪੰਜਾਬ ਵਿੱਚ ਬੈਠ ਕੇ ਲੱਗਦੀ ਹੈ, ਉਨੀ ਸੁਖਾਲੀ ਨਹੀਂ ਹੈ, ਪਰ ਇਸ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਲੱਗ ਗਿਆ।
ਯੂਨਾਈਟਡ ਏਅਰਲਾਈਨ ਵਿੱਚ ਪਾਇਲਟ :ਬਲਜਿੰਦਰਵੀਰ ਸਿੰਘ ਨੂੰ ਵੀ ਕਈ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਇਸ ਨੌਜਵਾਨ ਨੇ ਹਾਰ ਨਹੀਂ ਮੰਨੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਇਸ ਨੌਜਵਾਨ ਨੇ ਦਿਨ ਰਾਤ ਮਿਹਨਤ ਕੀਤੀ, ਟਰੱਕ ਵੀ ਚਲਾਏ ਅਤੇ ਉਸੇ ਮਿਹਨਤ ਸਦਕਾ ਅੱਜ ਇਹ ਨੌਜਵਾਨ ਦੁਨੀਆ ਦੀ ਸਭ ਤੋਂ ਬੇਹਤਰੀਨ ਏਅਰਲਾਈਨ ਵਿੱਚ ਗਿਣੀ ਜਾਣ ਵਾਲੀ ਯੂਨਾਈਟਡ ਏਅਰਲਾਈਨ ਵਿੱਚ ਪਾਇਲਟ ਵਜੋਂ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ ਜਿਸ ਉੱਤੇ ਪਰਿਵਾਰ ਨੂੰ ਮਾਣ ਹੈ।
ਮਾਤਾ-ਪਿਤਾ ਨੂੰ ਮਾਣ:ਇੰਨਾ ਹੀ ਨਹੀਂ, ਇਸ ਨੌਜਵਾਨ ਨੇ ਅਮਰੀਕਾ ਵਿੱਚ ਜਿੱਥੇ ਆਪਣੇ ਆਪ ਨੂੰ ਸਾਬਤ ਕੀਤਾ ਹੈ, ਉਥੇ ਆਪਣੇ ਛੋਟੇ ਭਾਈ ਨੂੰ ਵੀ ਟਰਾਂਸਪੋਰਟ ਦਾ ਕੰਮ ਖੋਲ ਕੇ ਦਿਤਾ ਹੈ। ਇਸ ਸਬੰਧੀ ਜਦ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਇਸ ਨੌਜਵਾਨ ਦੇ ਮਾਤਾ ਪਿਤਾ ਗੱਲ ਕਰਦੇ ਭਾਵੁਕ ਹੋ ਗਏ ਅਤੇ ਉਨ੍ਹਾਂ ਆਪਣੇ ਪੁੱਤਰ ਦੀ ਮਿਹਨਤ ਨੂੰ ਬਿਆਨ ਕੀਤਾ।
ਇਸ ਸਬੰਧੀ ਜਦ ਇਸ ਨੌਜਵਾਨ ਦੇ ਮਾਤਾ ਪਿਤਾ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਸਾਡਾ ਬੇਟਾ ਬਹੁਤ ਛੋਟੀ ਉਮਰ ਵਿੱਚ ਘਰੋਂ ਪ੍ਰਦੇਸ਼ ਚਲਾ ਗਿਆ ਸੀ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਉਸ ਨੇ ਬਾਹਰੀ ਦੇਸ਼ ਵਿੱਚ ਰਹਿ ਕੇ ਉਥੋਂ ਦੇ ਨੌਜਵਾਨਾਂ ਨਾਲ ਮੁਕਾਬਲਾ ਕਰ ਅਜਿਹੇ ਮੁਕਾਮ ਉੱਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁੱਤ ਨੇ ਸਾਡੇ ਦੇਸ਼ ਸੂਬੇ ਅਤੇ ਸਾਡੇ ਸ਼ਹਿਰ ਦਾ ਨਾਲ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ।
ਪਿਤਾ ਵੀ ਪਾਇਲਟ ਰਹਿ ਚੁੱਕੇ: ਦੂਜੇ ਪਾਸੇ ਜਦ ਦੁਨੀਆ ਵਿੱਚ ਆਪਣੇ ਦੇਸ਼ ਦਾ ਨਾਲ ਰੋਸ਼ਨ ਕਰਨ ਵਾਲੇ ਇਸ ਨੌਜਵਾਨ ਨਾਲ ਗੱਲ ਕੀਤੀ ਗਈ, ਤਾਂ ਉਸ ਨੇ ਕਿਹਾ ਕਿ ਜਦ ਉਹ ਘਰੋਂ ਗਿਆ ਸੀ, ਤਾਂ ਬਹੁਤ ਸਾਰੇ ਸੁਫ਼ਨੇ ਆਪਣੇ ਨਾਲ ਲੈ ਕੇ ਗਿਆ ਸੀ, ਪਰ ਉਨ੍ਹਾਂ ਸੁਫਨਿਆਂ ਨੂੰ ਪੂਰਾ ਕਰਨ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਉਸ ਨੇ ਕਿਹਾ ਕਿ ਉਸ ਦੇ ਪਿਤਾ ਭਾਰਤੀ ਏਅਰਫੋਰਸ ਵਿੱਚ ਪਾਇਲਟ ਸਨ ਅਤੇ ਉਸ ਦਾ ਵੀ ਸੁਫਨਾ ਸੀ ਕਿ ਉਹ ਪਾਇਲਟ ਬਣੇ ਜਿਸਦੇ ਚਲਦੇ ਉਹ ਅਮਰੀਕਾ ਗਿਆ ਅਤੇ ਉਥੇ ਇਸ ਸਬੰਧੀ ਕੋਰਸ ਕਰਨ ਦਾ ਸੋਚਿਆ, ਪਰ ਪੜਾਈ ਬਹੁਤ ਮਹਿੰਗੀ ਸੀ ਜਿਸ ਕਰ ਕੇ ਉਸ ਨੇ ਅਮਰੀਕਾ ਵਿਖੇ ਟਰੱਕ ਚਲਾ ਆਪਣੀ ਪੜਾਈ ਪੁਰੀ ਕੀਤੀ ਅਤੇ ਅੱਜ ਉਸ ਦਾ ਸੁਫਨਾ ਪੂਰਾ ਹੋਇਆ ਹੈ।