ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਔਰਤ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਸਹੁਰਾ ਪਰਿਵਾਰ ਉੱਤੇ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰਨ ਇਲਜ਼ਾਮ ਲਗਾਏ ਹਨ। ਪੁਲਿਸ ਨੇ ਮ੍ਰਿਤਕਾ ਦੇ ਪਤੀ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਇੱਕ ਛੋਟੀ ਬੱਚੀ ਦੀ ਮਾਂ ਸੀ।
ਖੁਦਕੁਸ਼ੀ ਨਹੀਂ ਕਤਲ: ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਕੁੜੀ ਦੇ ਪਿਤਾ ਅਮਰਜੀਤ ਸਿੰਘ ਅਤੇ ਭਰਾ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਦੀ ਲੜਕੀ ਮੰਜੂ ਕੌਰ ਦਾ ਬਰਨਾਲਾ ਸ਼ਹਿਰ ਦੇ ਪੱਤੀ ਰੋਡ ਵਿਖੇ ਅਵਤਾਰ ਸਿੰਘ ਨਾਲ ਕਰੀਬ 10 ਸਾਲ ਪਹਿਲਾਂ ਵਿਆਹ ਕੀਤਾ ਗਿਆ ਸੀ। ਲੰਬੇ ਸਮੇਂ ਤੋਂ ਉਸ ਦਾ ਸਹੁਰਾ ਪਰਿਵਾਰ ਲੜਕੀ ਨੂੰ ਤੰਗ ਪਰੇਸ਼ਾਨ ਅਤੇ ਮਾਰਕੁੱਟ ਕਰਦਾ ਆ ਰਿਹਾ ਸੀ। ਜਿਸ ਤੋਂ ਬਾਅਦ ਉਹ ਕਈ ਵਾਰ ਆਪਣੀ ਲੜਕੀ ਨੂੰ ਆਪਣੇ ਘਰ ਵੀ ਲੈ ਗਏ ਸੀ ਅਤੇ ਪੰਚਾਇਤੀ ਸਮਝੌਤੇ ਤੋਂ ਬਾਅਦ ਮੁੜ ਉਸਦੀ ਲੜਕੀ ਸਹੁਰੇ ਘਰ ਆ ਗਈ। ਉਸਦੀ ਲੜਕੀ ਦੇ ਇੱਕ ਬੇਟੀ ਵੀ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਲੜਕੀ ਦੇ ਸਹੁਰਾ ਪਰਿਵਾਰ ਨੇ ਲੜਕੀ ਨੂੰ ਫਾਹਾ ਦੇਕੇ ਕਤਲ ਕੀਤਾ ਹੈ। ਇਸ ਘਟਨਾ ਵਿੱਚ ਮ੍ਰਿਤਕ ਦੇ ਪਤੀ ਸਮੇਤ ਉਸ ਦੀ ਭੈਣ, ਜੀਜਾ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹਨ। ਜਿਸ ਕਰਕੇ ਉਹ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।