ਅੰਮ੍ਰਿਤਸਰ:ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਬਿਆਸ ਦਰਿਆ ਪੁਲ ਦੀ ਰੇਲਿੰਗ ਦੇ ਨਾਲ ਇੱਕ ਘੋੜਾ ਟਰਾਲਾ ਟਕਰਾਉਣ ਕਾਰਨ ਹਾਦਸਾ ਗ੍ਰਸਤ ਹੋ ਗਿਆ ਅਤੇ ਇਸ ਦੌਰਾਨ ਡਰਾਈਵਰ ਸਮੇਤ ਦੋ ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਾਦਸੇ ਦੀ ਜਾਣਕਾਰੀ ਦਿੰਦਿਆਂ ਟਰਾਲਾ ਚਾਲਕ ਦੇ ਨਜਦੀਕੀ ਸਾਥੀ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਉਸਤਾਦ ਟਰਾਲਾ ਚਾਲਕ ਪੂਰਨਾ ਸਿੰਘ ਵਾਸੀ ਪੱਟੀ ਅਤੇ ਉਹਨਾਂ ਦੇ ਨਾਲ ਪ੍ਰਭਜੋਤ ਸਿੰਘ ਜੋ ਕਿ ਰਾਜਸਥਾਨ ਤੋਂ ਟਾਇਲਾਂ ਦਾ ਮਾਲ ਲੋਡ ਕਰਕੇ ਰਈਆ ਦੀ ਤਰਫ਼ ਆ ਰਹੇ ਸਨ, ਇਸ ਦੌਰਾਨ ਅੱਜ ਸਵੇਰੇ ਤੜਕਸਾਰ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਦਰਿਆ ਬਿਆਸ ਪੁਲ ਤੇ ਉਕਤ ਭਿਆਨਕ ਹਾਦਸਾ ਵਾਪਰ ਗਿਆ। ਉਹਨਾਂ ਦੱਸਿਆ ਕਿ ਉਕਤ ਹਾਦਸਾ ਇੰਨਾ ਭਿਆਨਕ ਸੀ ਕਿ ਘੋੜਾ ਟਰਾਲਾ ਦਾ ਅਗਲਾ ਹਿੱਸਾ ਪੁੱਲ ਦੀ ਰੇਲਿੰਗ ਦੇ ਨਾਲ ਟਕਰਾਉਣ ਕਾਰਨ ਪੁੱਲ ਦੀ ਸਾਈਡ ਰੇਲਿੰਗ ਟੁੱਟ ਗਈ ਅਤੇ ਟਰਾਲੇ ਦਾ ਮੂੰਹ ਸੜਕ ਤੋਂ ਮੁੜ ਕੇ ਦਰਿਆ ਦੇ ਹੇਠਲੇ ਤਰਫ਼ ਨੂੰ ਹੋ ਗਿਆ। ਇਸ ਦੇ ਨਾਲ ਹੀ ਰੇਲਿੰਗ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਟੁੱਟ ਕੇ ਪੁਲ ਤੋਂ ਹੇਠਾਂ ਮੰਡ ਖੇਤਰ ਵਿੱਚ ਜਾ ਡਿੱਗਾ।
ਕੋਮਲਪ੍ਰੀਤ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਪੂਰਨਾ ਸਿੰਘ ਜਦੋਂ ਟਰਾਲੇ ਤੋਂ ਥੱਲੇ ਉਤਰਨ ਲੱਗਾ ਤਾਂ ਕਥਿਤ ਤੌਰ ਤੇ ਉਹ ਜਮੀਨ ਦੀ ਬਜਾਏ ਪੁਲ ਦੀ ਰੇਲਿੰਗ ਟੁੱਟ ਜਾਣ ਕਾਰਨ ਕਰੀਬ 30 ਤੋਂ 35 ਫੁੱਟ ਪੁੱਲ ਤੋਂ ਹੇਠਾਂ ਜਾ ਡਿੱਗਾ ਅਤੇ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ। ਇਸ ਦੌਰਾਨ ਡਰਾਈਵਰ ਅਤੇ ਸਾਥੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।