ਅੰਮ੍ਰਿਤਸਰ : ਅੱਤ ਦੀ ਪੈ ਰਹੀ ਗਰਮੀ ਦੇ ਕਾਰਨ ਜਿੱਥੇ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ, ਉੱਥੇ ਹੀ ਆਏ ਦਿਨ ਸੜਕ ਕਿਨਾਰੇ ਮੱਚ ਰਹੇ ਅੱਗ ਦੇ ਭਾਂਬੜਾਂ ਦੇ ਕਾਰਨ, ਜਿੱਥੇ ਕਈ ਤਰ੍ਹਾਂ ਦੇ ਹਾਦਸੇ ਹੋਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਇਸ ਅੱਗ ਦੇ ਕਾਰਨ ਰੁੱਖਾਂ ਅਤੇ ਇਨ੍ਹਾਂ ਦੀ ਰਹਿੰਦ ਖੂਹੰਦ ਵਿੱਚ ਵੱਸਦੇ ਜੀਵ ਜੰਤੂਆਂ ਦਾ ਬੇਹੱਦ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਦੇ ਉੱਤੇ ਬਿਆਸ ਦਰਿਆ ਨੇੜੇ ਸੜਕ ਕਿਨਾਰੇ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਸਬੰਧੀ ਸੂਚਨਾ ਮਿਲਣ ਉਪਰੰਤ ਵਣ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਇਆ ਗਿਆ। ਇਸ ਮੌਕੇ ਵਣ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ 'ਤੇ ਪੁੱਜੇ, ਤਾਂ ਅਸੀਂ ਦੇਖਿਆ ਕਿ ਇੱਕ ਬਜ਼ੁਰਗ ਵਿਅਕਤੀ ਹੱਥਾਂ ਦੇ ਨਾਲ ਮਿੱਟੀ ਚੁੱਕ ਚੁੱਕ ਕੇ ਰੁੱਖਾਂ ਹੇਠਾਂ ਪੱਤਿਆਂ ਨੂੰ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਉਕਤ ਘਟਨਾ ਸਬੰਧੀ ਗੱਲਬਾਤ ਕਰਨ 'ਤੇ ਭਜਨ ਸਿੰਘ ਨੇ ਦੱਸਿਆ ਕੀ ਕਰੀਬ 10-15 ਮਿੰਟ ਪਹਿਲਾਂ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੇਰ ਸ਼ਾਹ ਸੂਰੀ ਮਾਰਗ ਕਿਨਾਰੇ ਰੁੱਖਾਂ ਵਿੱਚ ਅੱਗ ਲੱਗ ਗਈ ਹੈ ਜਿਸ ਦੀ ਸੂਚਨਾ ਮਿਲਣ ਦੇ ਉੱਤੇ ਉਹ ਤੁਰੰਤ ਮੌਕੇ ਉਪਰ ਪੁੱਜੇ ਅਤੇ ਦੇਖਿਆ ਕਿ ਕਿਸੇ ਹਲਕੀ ਚੰਗਿਆੜੀ ਤੋਂ ਇਹ ਅੱਗ ਸ਼ੁਰੂ ਹੋ ਕੇ ਪੱਤਿਆਂ ਦੇ ਨਾਲ ਨਾਲ ਰੁੱਖਾਂ ਨੂੰ ਪੈ ਰਹੀ ਸੀ। ਉਹਨਾਂ ਦੱਸਿਆ ਕਿ ਇਸ ਦੌਰਾਨ ਮੁਸਤੈਦੀ ਵਰਤਦੇ ਹੋਏ ਮੌਕੇ 'ਤੇ ਉਹਨਾਂ ਵੱਲੋਂ ਸਪਰੇਅ ਪੰਪ ਦੀ ਮਦਦ ਦੇ ਨਾਲ ਇਸ ਅੱਗ ਉਪਰ ਕਾਬੂ ਪਾਇਆ ਗਿਆ।
ਅੱਗ ਲੱਗਣ ਦਾ ਕਾਰਨ ਪੁੱਛਣ 'ਤੇ ਉਹਨਾਂ ਕਿਹਾ ਕਿ ਦੇਖਣ ਤੋਂ ਇੰਝ ਜਾਪਦਾ ਹੈ ਜਿਵੇਂ ਕਿਸੇ ਨੇ ਸਿਗਰੇਟ ਜਾਂ ਬੀੜੀ ਆਦਿ ਬਲਦੀ ਹੋਈ ਇਥੇ ਸੁੱਟ ਦਿੱਤੀ ਹੋਵੇਗੀ, ਜਿਸ ਕਾਰਨ ਸੁੱਕੇ ਪੱਤਿਆਂ ਨੇ ਤੁਰੰਤ ਅੱਗ ਫੜ ਲਈ। ਉਹਨਾਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਦੇ ਕਾਰਨ ਜਿੱਥੇ ਰੁੱਖ ਪਾਣੀ ਤੋਂ ਵਾਂਝੇ ਹਨ, ਉੱਥੇ ਹੀ ਇਸ ਗਰਮੀ ਦੇ ਕਾਰਨ ਰੁੱਖਾਂ ਦੇ ਪੱਤੇ ਬੇਹਦ ਸੁੱਕੇ ਹੋਏ ਹੁੰਦੇ ਹਨ, ਜਿਸ ਕਾਰਨ ਹਲਕੀ ਜਿਹੀ ਵੀ ਜਲਨਸ਼ੀਲ ਵਸਤੂ ਇਹਨਾਂ ਦੇ ਸੰਪਰਕ ਵਿੱਚ ਆਉਣ ਦੇ ਉੱਤੇ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।