ਬਰਨਾਲਾ: ਬਰਨਾਲਾ ਵਿੱਚ ਵਪਾਰੀਆਂ ਨਾਲ ਹੋਏ ਵਿਵਾਦ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਨਵਾਂ ਵਿਵਾਦ ਬਿਜਲੀ ਮੁਲਾਜ਼ਮਾਂ ਨਾਲ ਸ਼ੁਰੂ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਬਿਜਲੀ ਮੁਲਾਜ਼ਮਾਂ ’ਚ ਪਿਆ ਰੱਫੜ ਲੋਕਾਂ ਅਤੇ ਪ੍ਰਸ਼ਾਸਨ ਲਈ ਸਿਰਦਰਦੀ ਬਣ ਗਿਆ ਹੈ। ਕੁੱਝ ਦਿਨ ਪਹਿਲਾਂ ਬਲਾਕ ਸ਼ਹਿਣਾ ਵਿਖੇ ਬਿਜਲੀ ਮੁਲਾਜ਼ਮਾਂ ਅਤੇ ਕਿਸਾਨ ਜੱਥੇਬੰਦੀ ਆਗੂਆਂ ਵਿੱਚ ਕਿਸੇ ਮਸਲੇ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਜਿਸ ਤੋਂ ਬਾਅਦ ਦੋਵੇਂ ਧਿਰਾਂ ਇੱਕ ਦੂਜੇ ਵਿਰੁੱਧ ਆਹਮੋ ਸਾਹਮਣੇ ਹਨ। ਇੱਕ ਪਾਸੇ ਜਿੱਥੇ ਕਿਸਾਨ ਯੂਨੀਅਨ ਨੇ ਬਲਾਕ ਸ਼ਹਿਣਾ ਵਿਖੇ ਬਿਜਲੀ ਦਫਤਰ ਅੱਗੇ ਧਰਨਾ ਲਗਾਇਆ ਹੋਇਆ ਹੈ।
ਕਿਸਾਨਾਂ ਵੱਲੋਂ ਬੇਹੱਦ ਮਾੜਾ ਸਲੂਕ: ਉੱਥੇ ਦੂਜੇ ਪਾਸੇ ਬਿਜਲੀ ਮੁਲਾਜ਼ਮਾਂ ਨੇ ਕਿਸਾਨ ਯੂਨੀਅਨ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਅਤੇ ਕਿਸਾਨ ਜੱਥੇਬੰਦੀ ਦੇ ਆਗੂਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਸਾਂਝੀ ਸੰਘਰਸ਼ ਕਮੇਟੀ ਦਿਹਾਤੀ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਪੂਰੇ ਮਾਮਲੇ 'ਤੇ ਗੱਲਬਾਤ ਕਰਦਿਆਂ ਸੀਨੀਅਰ ਕਾਰਜਕਾਰੀ ਮੰਡਲ ਦਿਹਾਤੀ ਪ੍ਰਧਾਨ ਹਰਬੰਸ ਸਿੰਘ, ਅਮਰਜੀਤ ਸਿੰਘ ਅਤੇ ਰਾਮ ਗੋਪਾਲ ਨੇ ਦੱਸਿਆ ਕਿ ਇਹ ਮਾਮਲਾ ਇਸ ਗੱਲ ਨਾਲ ਜੁੜਿਆ ਹੋਇਆ ਹੈ ਕਿ ਹਾਲ ਹੀ 'ਚ ਬਰਨਾਲਾ ਦੀ ਸ਼ਹਿਣਾ ਸਬ-ਡਵੀਜ਼ਨ 'ਚ ਡਿਊਟੀ 'ਤੇ ਤਾਇਨਾਤ ਇੰਜੀਨੀਅਰ ਮਨਦੀਪ ਸਿੰਘ ਨਾਲ ਕੁਝ ਕਿਸਾਨਾਂ ਵੱਲੋਂ ਬੇਹੱਦ ਮਾੜਾ ਸਲੂਕ ਕਰਦਿਆਂ ਧੱਕਾ-ਮੁੱਕੀ ਕੀਤੀ ਗਈ। ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਇੰਜਨੀਅਰ ਨਾਲ ਧੱਕਾ-ਮੁੱਕੀ ਕਰ ਕੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸਦਾ ਪਾਣੀ ਅਤੇ ਖਾਣਾ ਖੋਹ ਲਿਆ। ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ।