ਹੁਸ਼ਿਆਰਪੁਰ:ਕੁਝ ਦਿਨ ਪਹਿਲਾ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਕਿਸੇ ਵੀ ਰਾਜਨੀਤਿਕ ਜਾਂ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਏ। ਇਸੇ ਸਬੰਧੀ ਅੱਜ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਅਕਾਲੀ ਦਲ ਦੇ ਸੀਨੀਅਰ ਦਲਜੀਤ ਸਿੰਘ ਚੀਮਾ ਮਿਲਣ ਲਈ ਉਨ੍ਹਾਂ ਦੇ ਪਿੰਡ ਪਹੁੰਚੇ। ਇਸ ਮਿਲਣੀ ਦਾ ਕਾਰਨ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣਾ ਸੀ।
ਹਰਜਿੰਦਰ ਧਾਮੀ ਨੂੰ ਮਨਾਉਣ ਗਏ ਬੋਲੇ ਦਲਜੀਤ ਚੀਮਾ (Etv Bharat) 'ਧਾਮੀ ਸਾਬ੍ਹ ਦੇ ਮਨ ਦੀ ਪੀੜਾ ਜਾਣਨ ਲਈ ਇਕੱਠੇ ਹੋਏ ਹਾਂ'
ਇਸ ਮੌਕੇ ਸੀਨੀਅਰ ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ ਕਿ "ਸ਼੍ਰੋਮਣੀ ਅਕਾਲ ਦਲ ਦੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫਦ ਹਰਜਿੰਦਰ ਸਿੰਘ ਧਾਮੀ ਕੋਲ ਪਹੁੰਚਿਆ ਹੈ। ਧਾਮੀ ਸਾਬ੍ਹ ਨੇ ਜੋ ਵੱਡਾ ਫੈਸਲਾ ਲਿਆ ਹੈ, ਉਹ ਉਨ੍ਹਾਂ ਨੇ ਇੱਕ ਮਾਨਸਿਕ ਪਰੇਸ਼ਾਨੀ ਕਾਰਨ ਲਿਆ ਹੈ। ਅੱਜ ਅਸੀਂ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ, ਅਸੀਂ ਉਨ੍ਹਾਂ ਹਲਾਤਾਂ ਨੂੰ ਜਾਣਨ ਲਈ ਆਏ ਸੀ। ਕਿਉਂਕਿ ਧਾਮੀ ਸਾਬ੍ਹ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਵੱਡਾ ਸਤਿਕਾਰ ਹੈ। ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆਪਣੀ ਕਾਬੀਲਅਤ ਕਰਕੇ, ਇਮਾਨਦਾਰੀ ਕਰਕੇ, ਦੂਰਅੰਦੇਸ਼ੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰ ਰਹੇ ਹਨ।"
ਹਰਜਿੰਦਰ ਧਾਮੀ ਦੇ ਘਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ (Etv Bharat) 'ਪੰਥ ਨੂੰ ਤੁਹਾਡੀ ਲੋੜ'
ਉਨ੍ਹਾਂ ਕਿਹਾ ਕਿ ਧਾਮੀ ਸਾਬ੍ਹ ਧਾਰਮਿਕ ਪੱਖ ਤੋਂ ਵੀ ਇੱਕ ਚੰਗੀ ਸ਼ਖਸ਼ੀਅਤ ਅਤੇ ਰਾਜਨੀਤਿਕ ਪੱਖ ਤੋਂ ਵੀ ਬਹੁਤ ਵੱਡੇ ਤਜ਼ਰਬੇ ਦੇ ਮਾਲਕ ਹਨ। ਪਿਛਲੇ ਦਿਨੀਂ ਜੋ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਘਟਨਾਕ੍ਰਮ ਹੋਇਆ ਉਹ ਬਹੁਤ ਹੀ ਮੰਦਭਾਗਾ ਹੈ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ, ਸ਼ਹਾਦਤਾਂ ਤੋਂ ਬਾਅਦ ਅਤੇ ਬਹੁਤ ਵੱਡੇ ਤਸ਼ੱਦਦ ਝੱਲ ਕੇ ਵੱਡੇ ਬਜ਼ੁਰਗਾਂ ਨੇ ਇੱਕ ਵੱਡੀ ਆਸ ਉਮੀਦ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ।
ਹਰਜਿੰਦਰ ਸਿੰਘ ਧਾਮੀ ਦੇ ਗਲ ਮਿਲਦੇ ਹੋਏ ਦਲਜੀਤ ਚੀਮਾ (Etv Bharat) 'ਧਾਮੀ ਸਾਬ੍ਹ ਘਰ ਰੁੱਸ ਕੇ ਨਹੀਂ ਬੈਠੇ'
ਅਸੀਂ ਧਾਮੀ ਸਾਬ੍ਹ ਨੂੰ ਕਿਹਾ ਕਿ ਪੰਥ ਨੂੰ ਤੁਹਾਡੀ ਲੋੜ ਹੈ, ਇਸ ਕਰਕੇ ਤੁਹਾਡੇ ਮਨ ਵਿੱਚ ਜੋ ਵੀ ਗੱਲ ਹੈ, ਉਹ ਸਾਨੂੰ ਦੱਸੋ। ਇਸ ਭਾਵਨਾ ਨਾਲ ਅਸੀਂ ਉਨ੍ਹਾਂ ਨੂੰ ਬੇਨਤੀ ਕਰਨ ਆਏ ਹਾਂ। ਜਿਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਹੀ ਪਿਆਰੀ ਭਾਵਨਾ ਦੇ ਨਾਲ ਇਸ ਗੱਲ ਨੂੰ ਸਮਝਿਆ ਪਰ ਫੈਸਲਾ ਉਨ੍ਹਾਂ ਨੇ ਹੀ ਕਰਨਾ ਹੈ। ਇਸ ਤੋਂ ਅੱਗੇ ਦਲਜੀਤ ਚੀਮਾ ਨੇ ਕਿਹਾ ਕਿ ਜੇਕਰ ਉਹ ਘਰ ਬੈਠੇ ਨੇ ਤਾਂ ਇਹ ਨਹੀਂ ਕਿ ਉਹ ਰੁੱਸ ਕੇ ਬੈਠੇ ਹਨ, ਜੇਕਰ ਉਹ ਘਰ ਵੀ ਬੈਠੇ ਹਨ ਤਾਂ ਉਹ ਪੰਥ ਦੀ ਸੇਵਾ ਹੀ ਕਰ ਰਹੇ ਹਨ।
ਹਰਜਿੰਦਰ ਸਿੰਘ ਧਾਮੀ ਨਾਲ ਗੱਲਬਾਤ ਕਰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਵਫਦ (Etv Bharat)