ਖੰਨਾ 'ਚ ਹੋਲੀ ਖੇਡ ਰਹੀ 16 ਸਾਲਾ ਲੜਕੀ ’ਤੇ ਪਾਗਲ ਕੁੱਤੇ ਨੇ ਕੀਤਾ ਹਮਲਾ, ਮੁਸ਼ਕਲ ਨਾਲ ਬਚਾਈ ਜਾਨ ਲੁਧਿਆਣਾ/ਖੰਨਾ: ਨੈਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਆਜ਼ਾਦ ਨਗਰ ਦੀ ਰਹਿਣ ਵਾਲੀ ਨੈਨਾ ਭਾਦਲਾ ਨੇੜੇ ਆਪਣੇ ਰਿਸ਼ਤੇਦਾਰਾਂ ਨਾਲ ਹੋਲੀ ਖੇਡ ਰਹੀ ਸੀ ਤਾਂ ਗਲੀ 'ਚ ਇੱਕ ਪਾਗਲ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਮੂੰਹ ਨੋਚ ਲਿਆ।
ਇੱਟ ਚੁੱਕ ਕੇ ਕੁੱਤੇ ਨੂੰ ਮਾਰ ਕੇ ਬਚਾਈ ਆਪਣੀ ਜਾਨ: ਜਦੋਂ ਪਾਗਲ ਕੁੱਤਾ ਨੈਨਾ ਨੂੰ ਮੂੰਹ ਤੋਂ ਖਿੱਚਣ ਲੱਗਾ ਤਾਂ ਨੈਨਾ ਨੇ ਨੇੜੇ ਪਈ ਇਕ ਇੱਟ ਚੁੱਕ ਕੇ ਕੁੱਤੇ ਨੂੰ ਮਾਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਕੁੱਤੇ ਨੇ ਚਿਹਰੇ ਤੋਂ ਇਲਾਵਾ ਲੱਤਾਂ ਅਤੇ ਸ਼ਰੀਰ ਉੱਪਰ ਕਈ ਜਗ੍ਹਾ ਦੰਦ ਮਾਰੇ ਹਨ।
ਮੋਟਰਸਾਈਕਲ 'ਤੇ ਲਿਜਾਇਆ ਗਿਆ ਜ਼ਖਮੀ ਲੜਕੀ ਨੂੰ ਹਸਪਤਾਲ: ਇਸ ਤੋਂ ਪਹਿਲਾਂ ਕਿ ਖੂਨ ਨਾਲ ਲੱਥਪੱਥ ਹਾਲਤ ਵਿਚ ਨੈਨਾ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਦਾ ਇੰਤਜ਼ਾਰ ਕੀਤਾ ਜਾਂਦਾ ਤਾਂ ਆਸ-ਪਾਸ ਦੇ ਲੋਕ ਉਸ ਨੂੰ ਮੋਟਰਸਾਈਕਲ 'ਤੇ ਹਸਪਤਾਲ ਲੈ ਆਏ। ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ। ਫਿਲਹਾਲ ਲੜਕੀ ਦੀ ਜਾਨ ਖ਼ਤਰੇ ਤੋਂ ਬਾਹਰ ਹੈ।
ਡਾਕਟਰ ਨਵਦੀਪ ਜੱਸਲ ਦੇ ਬਿਆਨ: ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਨੈਨਾ ਦੇ ਚਿਹਰੇ ਦਾ ਕਾਫੀ ਹਿੱਸਾ ਕੁੱਤੇ ਨੇ ਵੱਢ ਲਿਆ। ਲੜਕੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੀ ਰਾਏ ਲੈ ਕੇ ਅਗਲੇਰੀ ਇਲਾਜ ਕੀਤਾ ਜਾਵੇਗਾ। ਕਿਉਂਕਿ ਇਲਾਜ ਦੌਰਾਨ ਜਿਹੜੇ ਟੀਕੇ ਲੱਗਣੇ ਹਨ, ਉਸ ਦੇ ਲਈ ਮਾਪਿਆਂ ਦੀ ਰਾਏ ਜ਼ਰੂਰੀ ਹੁੰਦੀ ਹੈ। ਲਿਖਤੀ ਰਾਏ ਲੈ ਕੇ ਟੀਕੇ ਲਗਾਏ ਜਾਣਗੇ। ਜੇਕਰ ਮਾਪੇ ਸਹਿਮਤ ਹੋਣਗੇ ਤਾਂ ਲੜਕੀ ਨੂੰ ਹਸਪਤਾਲ ’ਚ ਰੱਖ ਕੇ ਹੀ ਇਲਾਜ ਕੀਤਾ ਜਾਵੇਗਾ।