ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਵਿੱਚ ਪੰਜਾਬ ਦੇ ਭੱਠਾ ਮਾਲਕਾਂ ਦੀ ਮੀਟਿੰਗ ਹੋਈ। ਜਿੱਥੇ ਉਨ੍ਹਾਂ ਨੇ ਲਗਾਤਾਰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ 50 ਫੀਸਦੀ ਦੇ ਕਰੀਬ ਭੱਠੇ ਬੰਦ ਹੋ ਚੁੱਕੇ ਹਨ। ਜਿਸ ਦਾ ਕਾਰਨ ਪੰਜਾਬ ਦੇ ਖੇਤਾਂ ਵਿੱਚੋਂ ਮਿੱਟੀ ਚੁੱਕਣ ਉੱਤੇ ਰੋਕ ਹੈ। ਬੇਸ਼ੱਕ ਹੁਣ ਮਾਮਲਾ ਸੁਪਰੀਮ ਕੋਰਟ ਤੱਕ ਪੁੱਜਿਆ ਹੋਇਆ ਹੈ ਪਰ ਹੁਣ ਤੱਕ ਵੀ ਭੱਠਾ ਮਾਲਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਜਿਸ ਨੂੰ ਲੈ ਕੇ ਕੌਂਮੀ ਪੱਧਰ ਉੱਤੇ ਕੇਂਦਰੀ ਮੰਤਰੀ ਨਾਲ ਭੱਠਾ ਮਾਲਕਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਪੰਜਾਬ ਵਿੱਚ ਲਗਾਤਾਰ ਬਾਹਰਲੇ ਸੂਬੇ ਤੋਂ ਆ ਰਹੀਆਂ ਇੱਟਾਂ ਉੱਪਰ ਵੀ ਚਿੰਤਾ ਪ੍ਰਗਟਾਈ ਗਈ ਹੈ।
ਪੰਜਾਬ ਵਿੱਚ ਪੰਜਾਬ 50 ਫੀਸਦੀ ਭੱਠੇ ਹੋਏ ਬੰਦ
ਭੱਠਾ ਮਾਲਕਾਂ ਦੇ ਪੰਜਾਬ ਪ੍ਰਧਾਨ ਰਮੇਸ਼ ਮੋਹਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਚਿੰਤਾ ਵਿਅਕਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ "ਪੰਜਾਬ ਵਿੱਚ ਭੱਠਿਆਂ ਦੀ ਗਿਣਤੀ 3300 ਤੋਂ ਘੱਟ 1600 ਰਹਿ ਗਈ ਹੈ। ਇਸਦਾ ਮੁੱਖ ਕਾਰਨ ਖੇਤਾਂ ਵਿੱਚੋਂ ਮਿੱਟੀ ਚੁੱਕਣ ਉੱਤੇ ਰੋਕ ਹੈ।" ਉਨ੍ਹਾਂ ਕਿਹਾ ਕਿ ਇਸ ਦੇ ਸਬੰਧ ਵਿੱਚ ਪੰਜਾਬ ਦੇ ਲੋਕਲ ਬੋਡੀ ਮੰਤਰੀ ਅਤੇ ਕੇਂਦਰੀ ਮੰਤਰੀ ਨਾਲ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਜਿੱਥੇ ਉਹਨਾਂ ਦੀ ਮੀਟਿੰਗ ਕੈਬਨਿਟ ਮੰਤਰੀ ਵਰਿੰਦਰ ਗੋਇਲ ਨਾਲ ਹੋ ਚੁੱਕੀ ਹੈ ਉੱਥੇ ਹੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ।