ਅੰਮ੍ਰਿਤਸਰ:ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਦੀ ਤੀਜੀ ਫਲਾਈਟ ਅੱਜ (16 ਫਰਵਰੀ) ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ 'ਚ 112 ਲੋਕਾਂ ਦੇ ਸਵਾਰ ਹੋਣ ਦੀ ਖਬਰ ਹੈ। ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀ ਡਿਪੋਰਟੀਆਂ ਤੋਂ ਪੁੱਛਗਿੱਛ ਕਰਨਗੇ। ਉਨ੍ਹਾਂ ਨੂੰ ਬਾਹਰ ਆਉਣ ਵਿਚ 3 ਤੋਂ 4 ਘੰਟੇ ਲੱਗ ਸਕਦੇ ਹਨ। ਅੱਜ ਆਏ ਤੀਜੇ ਜਹਾਜ਼ ਵਿਚ ਸ਼ਾਮਲ 112 ਭਾਰਤੀਆਂ ਵਿਚ ਸੱਭ ਤੋਂ ਵੱਧ 44 ਹਰਿਆਣਾ ਦੇ ਹਨ। ਇਸ ਤੋਂ ਬਾਅਦ ਗੁਜਰਾਤ ਦੇ 33 ਅਤੇ ਪੰਜਾਬ ਦੇ 31 ਵਿਅਕਤੀ ਸ਼ਾਮਿਲ ਹਨ। ਉਤਰ ਪ੍ਰਦੇਸ਼ ਨਾਲ ਸਬੰਧਿਤ 2 ਅਤੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦਾ ਇਕ-ਇਕ ਵਿਅਕਤੀ ਹੈ। ਇਨ੍ਹਾਂ 23 ਔਰਤਾਂ ਹਨ ਜਿੰਨ੍ਹਾਂ ਵਿਚੋਂ ਪੰਜਾਬ ਦੀਆਂ 2 ਔਰਤਾਂ ਹਨ। ਇਸ ਵਿਚ 4 ਛੋਟੇ ਬੱਚੇ ਵੀ ਦੱਸੇ ਜਾ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅਮਰੀਕਾ ਵਲੋਂ ਡਿਪੋਰਟ ਕੀਤੇ ਹੋਏ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ, ਮੀਡੀਆ ਕਰਮੀਆਂ ਤੇ ਪੁਲਿਸ ਕਰਮੀਆਂ ਤੇ ਹੋਰ ਆਉਣ ਜਾਣ ਵਾਲੇ ਯਾਤਰੀਆਂ ਲਈ ਲੰਗਰ ਲਗਾਇਆ ਗਿਆ ਹੈ । ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਬਹੁਤ ਹੀ ਸ਼ਰਧਾ ਭਾਵਨਾਵਾਂ ਨਾਲ ਸੇਵਾ ਨਿਭਾ ਰਹੇ ਹਨ। ਹਵਾਈ ਅੱਡੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਅਨੁਸਾਰ ਡਿਪੋਰਟ ਹੋ ਕੇ ਪੁੱਜ ਰਹੇ ਭਾਰਤੀ ਨਾਗਰਿਕਾਂ ਦੇ ਸਿਰ ਢੱਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਦਸਤਾਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।