ਚੰਡੀਗੜ੍ਹ: ਹਾਲ ਹੀ ਦੇ ਸਾਲਾਂ ਵਿੱਚ ਗਲੋਬਲੀ ਅਧਾਰ ਕਾਇਮ ਕਰਨ ਵਾਲੇ ਪੰਜਾਬੀ ਸਿਨੇਮਾ ਦੇ ਬਣੇ ਇਹ ਸਮੀਕਰਨ ਅੱਜਕੱਲ੍ਹ ਗੜਬੜਾਉਂਦੇ ਜਾ ਰਹੇ ਹਨ, ਜਿਸ ਉਪਰ ਓਟੀਟੀ ਅਤੇ ਸ਼ੋਸ਼ਲ ਪਲੇਟਫ਼ਾਰਮ ਸੀਰੀਜ਼ ਅਤੇ ਫਿਲਮਾਂ ਦਾ ਜਾਦੂ ਗਹਿਰਾਉਂਦਾ ਜਾ ਰਿਹਾ ਹੈ, ਜੋ ਇਸ ਪ੍ਰਤੱਖਤਾ ਭਰੇ ਮੰਜ਼ਰ ਦਾ ਵੀ ਅਹਿਸਾਸ ਕਰਵਾ ਰਿਹਾ ਹੈ ਕਿ ਪੰਜਾਬੀ ਫਿਲਮਾਂ ਅਜੋਕੇ ਸਮੇਂ ਵਿੱਚ ਅਪਣੀ ਦਰਸ਼ਕ ਭਰੋਸੇਯੋਗਤਾ ਗੁਆਉਂਦੀਆਂ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਹੋ ਰਹੇ ਇਹੀ ਸਿਨੇਮਾ ਦਰਸ਼ਕ ਹੁਣ ਓਟੀਟੀ ਅਤੇ ਸ਼ੋਸ਼ਲ ਪਲੇਟਫ਼ਾਰਮ ਵਾਲੇ ਪਾਸੇ ਅਪਣਾ ਰੁਖ਼ ਕਰਦੇ ਜਾ ਰਹੇ ਹਨ।
ਸਾਲ 1935 ਵਿੱਚ ਆਈ ਪੰਜਾਬੀ ਸਿਨੇਮਾ ਇਤਿਹਾਸ ਦੀ ਪਹਿਲੀ ਫਿਲਮ 'ਪਿੰਡ ਦੀ ਕੁੜੀ' ਨਾਲ ਮਾਣਮੱਤੇ ਅਧਿਆਏ ਵੱਲ ਵਧੇ ਪੰਜਾਬੀ ਫਿਲਮ ਉਦਯੋਗ ਨੇ ਅੱਜ ਨੋ ਦਹਾਕਿਆਂ ਦਾ ਸੁਨਿਹਰਾ ਸਫ਼ਰ ਤੈਅ ਕਰ ਲਿਆ ਹੈ, ਜਿਸ ਦੇ ਉਤਰਾਅ ਚੜਾਅ ਭਰੇ ਰਹੇ ਇਸ ਪੈਂਡੇ 'ਚ ਹੁਣ ਇੱਕ ਵਾਰ ਮੁਸ਼ਕਿਲਾਂ ਅਪਣਾ ਸਿਰ ਉਠਾਉਂਦੀਆਂ ਨਜ਼ਰੀ ਆ ਰਹੀਆਂ ਹਨ, ਜੋ ਟੁੱਟਦੇ ਜਾ ਰਹੇ ਸਿਨੇਮਾ ਦੇ ਇਸ ਤਿਲਸਮ ਦਾ ਅਹਿਸਾਸ ਵੀ ਭਲੀਭਾਂਤ ਕਰਵਾ ਰਹੀਆਂ ਹਨ।
ਸਾਲ 2025 ਦੇ ਇਸ ਮੁੱਢਲੇ ਪੜਾਅ ਦੌਰਾਨ ਵਰਲਡ-ਵਾਈਡ ਪ੍ਰਦਸ਼ਿਤ ਹੋਈਆਂ ਲਗਭਗ ਅੱਧੀ ਦਰਜਨ ਪੰਜਾਬੀ ਫਿਲਮਾਂ ਵਿੱਚੋਂ ਜਿਆਦਾਤਰ ਨੂੰ ਦਰਸ਼ਕਾਂ ਵੱਲੋਂ ਬੁਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ, ਜਿੰਨ੍ਹਾਂ ਵਿੱਚ 'ਰਿਸ਼ਤੇ ਨਾਤੇ', 'ਚੋਰਾਂ ਨਾਲ ਯਾਰੀਆਂ', 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ', 'ਹੁਸ਼ਿਆਰ ਸਿੰਘ (ਅਪਣਾ ਅਰਸਤੂ)', 'ਮਝੈਲ' ਅਤੇ 'ਇੱਲਤੀ' ਆਦਿ ਸ਼ੁਮਾਰ ਰਹੀਆਂ ਹਨ।
ਹੈਰਾਨੀਜਨਕ ਪੱਖ ਇਹ ਵੀ ਰਿਹਾ ਕਿ ਵੱਡੇ-ਵੱਡੇ ਸਟਾਰਾਂ ਨਾਲ ਬਿੱਗ ਸੈੱਟਅੱਪ ਅਧੀਨ ਬਣਾਏ ਜਾਣ ਦੇ ਬਾਵਜੂਦ ਉਕਤ ਫਿਲਮਾਂ ਅਪਣੀ ਲਾਗਤ ਵੀ ਵਸੂਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀਆਂ, ਜਦਕਿ ਇੰਨ੍ਹਾਂ ਨੂੰ ਭਾਰੀ ਸ਼ੋਰ ਸ਼ਰਾਬੇ ਅਧੀਨ ਸਿਨੇਮਾਘਰਾਂ ਦਾ ਸ਼ਿੰਗਾਰ ਬਣਾਇਆ ਗਿਆ ਸੀ।

ਓਧਰ ਜੇਕਰ ਦੂਜੇ ਪਾਸੇ ਸਿਨੇਮਾ ਨੂੰ ਮਾਤ ਦੇ ਰਹੀ ਰਹੀਆਂ ਵੈੱਬ ਸੀਰੀਜ਼ ਅਤੇ ਫਿਲਮਾਂ ਦੇ ਹਾਲੀਆ ਪਰਿਪੇਸ਼ ਵੱਲ ਨਜ਼ਰ ਮਾਰੀ ਜਾਵੇ ਤਾਂ ਸ਼ੋਸ਼ਲ ਪਲੇਟਫ਼ਾਰਮ ਉਤੇ ਰਿਲੀਜ਼ ਹੋਈ ਪੰਜਾਬੀ ਵੈੱਬ ਸੀਰੀਜ਼ 'ਖੜ੍ਹਪੰਚ' ਅਤੇ ਓਟੀਟੀ ਫਿਲਮ 'ਗੁਰਮੁਖ' ਅਤੇ ਸ਼ੋਸ਼ਲ ਪਲੇਟਫ਼ਾਰਮ ਉਤੇ ਰਿਲੀਜ਼ ਹੋਈ 'ਸਾਂਝਾ ਪੰਜਾਬ' ਦਾ ਜ਼ਿਕਰ ਕਰਨਾ ਲਾਜ਼ਮੀ ਬਣਦਾ ਹੈ, ਜੋ ਕਾਮਯਾਬੀ ਦੇ ਨਾਲ-ਨਾਲ ਦਰਸ਼ਕ ਪ੍ਰਵਾਨਤਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੀਆਂ ਹਨ, ਹਾਲਾਂਕਿ ਇੰਨ੍ਹਾਂ ਨੂੰ ਸੈਮੀ ਬਜਟ ਅਤੇ ਸੀਮਿਤ ਸਿਰਜਨਾਤਮਕ ਸਾਧਨਾਂ ਅਧੀਨ ਬਣਾਇਆ ਗਿਆ ਸੀ।

ਉਕਤ ਦਿਸ਼ਾ ਵਿੱਚ ਸਾਹਮਣੇ ਆਏ ਕੁਝ ਕਾਰਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਇੱਕ ਕਾਰਨ ਜੋ ਸਭ ਤੋਂ ਪ੍ਰਮੁੱਖ ਤੌਰ ਉਤੇ ਸਾਹਮਣੇ ਆਉਂਦਾ ਹੈ ਉਹ ਹੈ ਪੰਜਾਬੀ ਸਿਨੇਮਾ ਵਿੱਚ ਕੰਟੈਂਟ ਆਧਾਰਿਤ ਫਿਲਮਾਂ ਦੀ ਅਣਹੋਂਦ ਅਤੇ ਚੁਣਿੰਦਾ ਸਟਾਰਾਂ ਅਤੇ ਸਹਿ ਕਲਾਕਾਰਾਂ ਦੀ ਬਾਰ-ਬਾਰ ਹੋ ਰਹੀ ਰਿਪੀਟੀਸ਼ਨ, ਜੋ ਦਰਸ਼ਕਾਂ ਨੂੰ ਨਵੇਂਪਣ ਦਾ ਅਹਿਸਾਸ ਨਹੀਂ ਕਰਵਾ ਪਾ ਰਹੀ ਅਤੇ ਇਹੀ ਕਾਰਨ ਹੈ ਕਿ ਕਈ ਵਾਰ ਕੁਝ ਅਲਹਦਾ ਪਰੋਸ ਦਿੱਤੇ ਜਾਣ ਦੇ ਬਾਵਜੂਦ ਕਲਾਕਾਰੀ ਦੁਹਰਾਅ ਕਾਰਨ ਦਰਸ਼ਕ ਸਿਨੇਮਾ ਵਾਲੇ ਪਾਸੇ ਜਾਣ ਦੀ ਕਿਸੇ ਸਮੇਂ ਰਹੀ ਅਪਣੀ ਖਿੱਚ ਬਰਕਰਾਰ ਨਹੀਂ ਰੱਖ ਪਾ ਰਹੇ।
ਦੂਜੇ ਪਾਸੇ ਓਟੀਟੀ ਅਤੇ ਸ਼ੋਸ਼ਲ ਪਲੇਟਫ਼ਾਰਮ ਉਪਰ ਸਾਹਮਣੇ ਆ ਰਹੀਆਂ ਵੈੱਬ ਸੀਰੀਜ਼ ਅਤੇ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਵੱਡੇ ਨਾਵਾਂ ਦੀ ਬਜਾਏ ਜਿਆਦਾਤਰ ਨਵੇਂ ਅਤੇ ਪ੍ਰਤਿਭਾਵਾਨ ਚਿਹਰਿਆਂ ਨੂੰ ਹੀ ਤਵੱਜੋਂ ਦਿੱਤੀ ਜਾ ਰਹੀ ਹੈ, ਜੋ ਦਰਸ਼ਕਾਂ ਨੂੰ ਕਲਾ ਅਤੇ ਕੰਟੈਂਟ ਪੱਖੋਂ ਤਰੋ-ਤਾਜ਼ਗੀ ਭਰਿਆ ਸਿਰਜਨਾਤਮਕ ਪ੍ਰਗਟਾਵਾ ਕਰਵਾਉਣ ਵਿੱਚ ਵੀ ਸਫ਼ਲ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਆਮ ਜਨਜੀਵਨ ਅਤੇ ਅਸਲਤਾ ਦਾ ਪ੍ਰਗਟਾਵਾ ਕਰਵਾਉਂਦੇ ਇਹ ਐਕਟਰਜ਼ ਅਤੇ ਇੰਨ੍ਹਾਂ ਨਾਲ ਜੁੜੇ ਪ੍ਰੋਜੈਕਟ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ।
ਇਹ ਵੀ ਪੜ੍ਹੋ: