ਅਮਰੀਕਾ ਭੇਜਣ ਦੀ ਆੜ 'ਚ ਠੱਗੇ 25 ਲੱਖ ਰੁਪਏ (ETV Bharat (ਸੰਗਰੂਰ , ਪੱਤਰਕਾਰ)) ਸੰਗਰੂਰ :ਟਰੈਵਲ ਏਜੰਟਾਂ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹਾ ਹੀ ਇੱਕ ਹੋਰ ਮਾਮਲਾ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਇਕ ਟਰੈਵਲ ਏਜੰਟ ਨੇ ਕਰੀਬ 25 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਤੋਂ ਬਾਅਦ ਪਰਚਾ ਦਰਜ ਹੋਣ ਮਗਰੋਂ ਵੀ ਕੋਈ ਹੱਲ ਨਾ ਹੋਇਆ। ਜਿਸ ਕਾਰਨ ਕਿਰਨਜੀਤ ਕੌਰ ਪਤਨੀ ਗੁਰਬਾਜ ਸਿੰਘ ਵਾਸੀ ਵਜ਼ੀਦਕੇ ਖੁਰਦ (ਬਰਨਾਲਾ) ਬਲਾਕ ਸ਼ੇਰਪੁਰ ਦੇ ਪਿੰਡ ਰੰਗੀਆਂ ਵਿਖੇ (ਜ਼ਹਿਰੀਲੀ ਦਵਾਈ) ਦੀਆਂ ਸ਼ੀਸ਼ੀਆਂ ਨਾਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ।
ਵੀਅਤਨਾਮ 15 ਦਿਨ ਲਈ ਰੱਖਿਆ: ਕਿਰਨਜੀਤ ਕੌਰ ਨੇ ਦੱਸਿਆ ਕਿ ਇਕ ਏਜੰਟ ਵੱਲੋਂ ਉਸ ਦੇ ਲੜਕੇ ਗਗਨਦੀਪ ਸਿੰਘ (27) ਨੂੰ ਅਮਰੀਕਾ ਭੇਜਣ ਬਦਲੇ ਕਰੀਬ 42 ਲੱਖ ਰੁਪਏ ਵਿਚ ਸਾਡੇ ਨਾਲ ਗੱਲ ਤੈਅ ਕੀਤੀ ਸੀ, ਜਿਸ ਨੂੰ ਅਸੀਂ ਕਰੀਬ 23 ਲੱਖ ਰੁਪਏ ਬੈਂਕ ਖਾਤੇ ਰਾਹੀਂ, ਕਰੀਬ ਡੇਢ ਦੋ ਲੱਖ ਰੁਪਏ ਨਕਦ ਅਤੇ ਇੱਕ ਲੱਖ ਰੁਪਏ ਦੇ ਡਾਲਰ ਦੇ ਚੁੱਕੇ ਹਾਂ। ਇਸ ਦੇ ਬਾਵਜੂਦ ਏਜੰਟ ਨੇ ਮੇਰਾ ਲੜਕਾ ਅਮਰੀਕਾ ਨਹੀਂ ਭੇਜਿਆ। ਇਹ ਏਜੰਟ ਉਸ ਦੇ ਲੜਕੇ ਨੂੰ ਅਕਤੂਬਰ 2023 ਵਿੱਚ ਪਹਿਲਾਂ ਦਿੱਲੀ ਲੈ ਗਿਆ, ਇਸ ਤੋਂ ਬਾਅਦ ਵੀਅਤਨਾਮ 15 ਦਿਨ ਲਈ ਰੱਖਿਆ ਪਰ ਫਿਰ ਵਾਪਸ ਦਿੱਲੀ ਲੈ ਆਇਆ।
ਏਜੰਟ ਖੁਦ ਵਿਦੇਸ਼ ਭੱਜ ਗਿਆ : ਉਸ ਨੇ ਅੱਗੇ ਦੱਸਿਆ ਕਿ ਏਜੰਟ ਨੇ ਸੋਚੀ ਸਮਝੀ ਸਾਜਿਸ਼ ਤਹਿਤ ਸਾਡੇ ਨਾਲ ਕਰੀਬ 25 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ ਤੇ ਇਹ ਉਕਤ ਏਜੰਟ ਖੁਦ ਵਿਦੇਸ਼ ਭੱਜ ਗਿਆ ਹੈ, ਜਿਸ ਸਬੰਧੀ ਇਸ ਦੇ ਖਿਲਾਫ ਐੱਸ.ਐੱਸ.ਪੀ. ਬਰਨਾਲਾ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਸਾਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਹੈ।
ਖ਼ੁਦਕੁਸ਼ੀ ਕਰਨ ਸਿਵਾਏ ਹੋਰ ਕੋਈ ਚਾਰਾ ਨਹੀਂ: ਕਿਰਨਜੀਤ ਕੌਰ ਨੇ ਕਿਹਾ ਕਿ ਸਾਡੀ ਸਾਰੀ ਉਮਰ ਦੀ ਮਿਹਨਤ ਕਮਾਈ ਏਜੰਟ ਨੇ ਸਾਡੇ ਕੋਲੋਂ ਠੱਗੀ ਮਾਰ ਲਈ ਹੈ ਜਿਸ ਤੋਂ ਅੱਕ ਕੇ ਉਸ ਨੂੰ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ ਹੈ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਸ ਕੋਲ ਸਪਰੇਅ (ਜ਼ਹਿਰੀਲੀ ਦਵਾਈ) ਪੀ ਕੇ ਖ਼ੁਦਕੁਸ਼ੀ ਕਰਨ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਖ਼ਬਰ ਲਿਖੇ ਜਾਣ ਤੱਕ ਕਿਰਨਜੀਤ ਕੌਰ ਟੈਂਕੀ ਉੱਪਰ ਹੀ ਚੜ੍ਹੀ ਹੋਈ ਸੀ।
ਟੈਂਕੀ ਉੱਪਰ ਚੜ੍ਹੀ ਔਰਤ:ਚੌਕੀ ਇੰਚਾਰਜ ਰਣੀਕੇ ਉਂਕਾਰ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੋਹਤਵਰ ਲੋਕਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਨੇ ਬੁੱਧਵਾਰ ਤੱਕ ਮਾਮਲੇ ਨੂੰ ਨਿਪਟਾਉਣ ਦਾ ਸਮਾਂ ਲਿਆ ਹੈ। ਉਨ੍ਹਾਂ ਕਿਹਾ ਕਿ ਟੈਂਕੀ ਉੱਪਰ ਚੜ੍ਹੀ ਹੋਈ ਔਰਤ ਕਿਰਨਜੀਤ ਕੌਰ ਨੂੰ ਹੇਠਾਂ ਉਤਾਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।